ਮੁੰਬਈ (ਸਾਹਿਬ) - ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ ’ਤੇ ਗੁਜ਼ਾਰਿਆ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੀ ਮੁੰਬਈ ਫੇਰੀ ਦੌਰਾਨ ਉੱਘੇ ਸਨਅਤਕਾਰਾਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਉਦਯੋਗ ਅਤੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਪੰਜਾਬ ’ਚ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਇੱਕ ਪ੍ਰਾਜੈਕਟ ਲਿਆ ਰਹੀ ਹੈ ਜਿਸ ਲਈ ਇਹ ਵਿਚਾਰ-ਵਟਾਂਦਰਾ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ।