ਚੰਡੀਗੜ੍ਹ ਕੇਂਦਰੀ ਜੇਲ੍ਹ ‘ਚ ਗੋਲਡੀ ਬਰਾੜ ਦੇ ਸਾਥੀਆਂ ਤੇ ਵੱਡਾ ਹਮਲਾ ! ਕਈ ਜ਼ਖਮੀ !

by vikramsehajpal

ਚੰਡੀਗੜ੍ਹ (ਸਾਹਿਬ) : ਚੰਡੀਗੜ੍ਹ ਦੀ ਮਾਡਰਨ ਜੇਲ੍ਹ ਬੁੜੈਲ ਵਿੱਚ ਬੰਦ ਕਥਿਤ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਬਦਮਾਸ਼ਾਂ ’ਤੇ ਇੱਕੋ ਸਮੇਂ ਦੋ ਦਰਜਨ ਤੋਂ ਵੱਧ ਕੈਦੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਹਥਿਆਰਾਂ ਵਜੋਂ ਚਮਚੇ, ਕਟੋਰੇ, ਗਲਾਸ ਅਤੇ ਪਲੇਟਾਂ ਵਰਗੇ ਭਾਂਡਿਆਂ ਦੀ ਵਰਤੋਂ ਕੀਤੀ। ਹਮਲੇ ਵਿੱਚ ਗੋਲਡੀ ਬਰਾੜ ਦੇ ਖਾਸਮਖਾਸ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਸਮੇਤ ਚਾਰ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸੈਕਟਰ-32 ਦੇ ਜੀਐਮਸੀਐਚ ਹਸਪਤਾਲ ਲਿਜਾਇਆ ਗਿਆ।

ਦੱਸ ਦਈਏ ਕਿ ਜ਼ਖ਼ਮੀ ਕੈਦੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਗੁਰਜਰ ਤੋਂ ਇਲਾਵਾ ਕੌਸ਼ਲ ਸਿੰਘ ਉਰਫ਼ ਹੈਰੀ, ਮੌਂਟੀ ਸ਼ਾਹ ਅਤੇ ਰਾਜਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੌਂਟੀ ਸ਼ਾਹ ਬਚਾਅ ਲਈ ਆਇਆ ਪਰ ਉਹ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ। ਸੈਕਟਰ-49 ਥਾਣੇ ਦੀ ਪੁਲਿਸ ਨੇ ਜ਼ਖ਼ਮੀ ਅੰਮ੍ਰਿਤਪਾਲ ਗੁੱਜਰ ਦੇ ਬਿਆਨਾਂ ’ਤੇ ਹਮਲਾਵਰ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਕੈਦੀਆਂ ਵਿੱਚ ਅਭਿਲਾਸ਼, ਸੋਨੂੰ, ਰਾਹੁਲ, ਮਨੀਸ਼, ਅਮਨ ਉਰਫ਼ ਕੱਲੂ, ਸੁਸ਼ੀਲ ਯਾਦਵ, ਅਮਿਤ ਕੁਮਾਰ ਅਤੇ ਫ਼ੌਜੀ ਸਮੇਤ ਹੋਰ ਕਈ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਦੀਆਂ ਵਿਚਾਲੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਰਾਤ ਦੇ ਖਾਣੇ ਦੌਰਾਨ ਇੱਕ ਦੂਜੇ ਨਾਲ ਝੜਪ ਹੋ ਗਈ।