ਲੰਡਨ (ਸਾਹਿਬ) - ਵੀਰਵਾਰ ਨੂੰ ਇਥੇ ਲੰਡਨ 'ਚ ਭਾਰਤੀ ਮੂਲ ਦੇ ਲਗਭਗ 1000 ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਵਿਚ ਇਕੱਠੇ ਹੋ ਕੇ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ। ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਨੇ ਐਲਡਵਿਚ ਸਥਿਤ ਇੰਡੀਆ ਹਾਊਸ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਸਮਾਗਮ ਦਾ ਉਦਘਾਟਨ ਕੀਤਾ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਫਿਰ ਉਨ੍ਹਾਂ ਨੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਰਾਸ਼ਟਰ ਨੂੰ ਸੰਬੋਧਨ ਦੇ ਅੰਸ਼ ਪੜ੍ਹੇ। ਦੁਰਾਈਸਵਾਮੀ ਨੇ ਇਕ ਨਿਜ਼ੀ ਨਿਊਜ਼ ਏਜੇਂਸੀ ਨੂੰ ਦੱਸਿਆ ਕਿ ਇੱਥੇ ਲੰਡਨ ਵਿੱਚ ਸਾਡੇ ਬਹੁਤ ਸਾਰੇ ਪ੍ਰਵਾਸੀ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਭਾਈਚਾਰੇ ਦੇ ਭਾਰਤ ਦੇ ਦੋਸਤਾਂ ਦੀ ਮੇਜ਼ਬਾਨੀ ਕਰਨਾ ਹਮੇਸ਼ਾ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਅੱਜ ਅਸਲ ਵਿੱਚ ਸਾਡੀ ਉਮੀਦ ਨਾਲੋਂ ਵੱਧ ਲੋਕ ਆਏ। ਅੱਜ ਇੱਕ ਬਹੁਤ ਵਧੀਆ ਸੰਦੇਸ਼ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੇ ਇਸ ਦਾ ਸੱਚਮੁੱਚ ਆਨੰਦ ਮਾਣਿਆ। ਭਾਰਤ-ਯੂਕੇ ਸਬੰਧਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਇਸ ਸਾਲ ਆਮ ਚੋਣਾਂ ਹੋਈਆਂ ਹਨ ਅਤੇ ਦੋ-ਪੱਖੀ ਸਾਂਝੇਦਾਰੀ ਬਹੁਤ ਚੰਗੀ ਸਥਿਤੀ ਵਿੱਚ ਹੈ। ਸਮਾਗਮ ਦੌਰਾਨ ਗੁਰੂ ਕਨਕ ਸ੍ਰੀਨਿਵਾਸਨ ਦੀ ਮੰਡਲੀ ਨੇ ਵਿਸ਼ੇਸ਼ ਭਰਤਨਾਟਿਅਮ ਪੇਸ਼ਕਾਰੀ ਦਿੱਤੀ। ਇੰਡੀਆ ਹਾਊਸ ਦੇ ਬਾਹਰ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਛੋਟੇ ਬੱਚਿਆਂ ਸਮੇਤ ਬਹੁਤ ਸਾਰੇ ਲੋਕ ਕਤਾਰ ਵਿੱਚ ਖੜ੍ਹੇ ਸਨ।
by vikramsehajpal