ਪੰਜਾਬ ਵਿਚ ਬਾਰਸ਼ ਦਾ ਭਾਰੀ ਕੇਹਰ , ਇਕੋ ਪਰਿਵਾਰ ਦੇ 10 ਜੀਅ ਰੁੜ੍ਹੇ

by nripost

ਹੁਸ਼ਿਆਰਪੁਰ (ਹਰਮੀਤ) : ਪੰਜਾਬ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਸੜਕਾਂ ਉਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਜੈਜੋ ਦੋਆਬਾ ਦੇ ਬਾਹਰਵਾਰ ਚੋਅ ਵਿਚ ਆਏ ਹੜ੍ਹ (Flood) ਵਿਚ ਇਕ ਇਨੋਵਾ ਗੱਡੀ ਰੁੜ੍ਹ ਗਈ।

ਇਹ ਗੱਡੀ ਕੁਝ ਦੂਰ ਜਾ ਕੇ ਝਾੜੀਆਂ ਨੇੜੇ ਫਸ ਗਈ। ਗੱਡੀ ‘ਚ ਸਵਾਰ 11 ਲੋਕਾਂ ਵਿਚੋਂ ਇਕ ਨੂੰ ਬਚਾ ਲਿਆ ਗਿਆ ਜਦਕਿ 10 ਮੈਂਬਰ ਲਾਪਤਾ ਹਨ। ਗੱਡੀ ਦੀਆਂ ਖੁੱਲ੍ਹੀਆਂ ਤਾਕੀਆਂ ਤੋਂ ਸਪੱਸ਼ਟ ਹੈ ਕਿ ਸਾਰੇ ਰੁੜ੍ਹ ਗਏ ਹਨ। ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਂ ਦੇ ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਸਵਾਰ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਹਨ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਦੇਹਰਾ ਮਹਿਤਪੁਰ ਤੋਂ ਨਵਾਂਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਵੱਲੋਂ ਰੁੜ੍ਹਨ ਵਾਲਿਆਂ ਦੀ ਭਾਲ ਜਾਰੀ ਹੈ।

ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਇਸ ਸਮੇਂ ਭਾਰੀ ਬਾਰਸ਼ ਹੋ ਰਹੀ ਹੈ। ਕੱਲ੍ਹ ਰਾਤ ਤੋਂ ਜਾਰੀ ਬਾਰਸ਼ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿਚ ਪੰਜਾਬ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।