ਟਰੋਂਟੋ (ਸਾਹਿਬ) - ਕੈਨੇਡਾ 'ਚ ਕੁਝ ਪੰਜਾਬੀ ਨੌਜਵਾਨਾਂ ਦਾ ਆਪਸ 'ਚ ਝਗੜਾ ਹੋ ਗਿਆ ਤੇ ਦੋਵੇਂ ਧਿਰਾਂ ਦੇ ਨੌਜਵਾਨਾਂ ਨੇ ਇਕ-ਦੂਜੇ 'ਤੇ ਥੱਪੜਾਂ ਤੇ ਮੁੱਕਿਆਂ ਦਾ ਮੀਂਹ ਵਰ੍ਹਾ ਦਿੱਤਾ। ਜਾਣਕਾਰੀ ਮੁਤਾਬਕ ਇਹ ਲੜਾਈ ਬਰੈਂਪਟਨ ਸਥਿਤ ਟ੍ਰਿਨਿਟੀ ਕਾਮਨ ਪਲਾਜ਼ਾ ਦੀ ਪਾਰਕਿੰਗ 'ਚ ਹੋਈ, ਜਿੱਥੇ ਕੁਝ ਨੌਜਵਾਨ ਤੇਜ਼ ਰਫ਼ਤਾਰ 'ਚ ਗੱਡੀਆਂ ਚਲਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਕਿਸੇ ਗੱਲ ਕਾਰਨ ਬਹਿਸਬਾਜ਼ੀ ਹੋ ਗਈ ਤੇ ਉਹ ਇਕ ਦੂਜੇ ਦੇ ਆਹਮੋ-ਸਾਹਮਣੇ ਆ ਗਏ।
ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਇਕ-ਦੂਜੇ 'ਤੇ ਹਮਲਾ ਬੋਲ ਦਿੱਤਾ ਤੇ ਰੱਜ ਕੇ ਛਿੱਤਰੋ-ਛਿੱਤਰੀ ਹੋਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਰੀਜਨਲ ਪੁਲਸ ਅਧਿਕਾਰੀ ਰਿਚਰਡ ਚਿਨ ਨੇ ਕਿਹਾ ਕਿ ਉਨ੍ਹਾਂ ਨੂੰ 9 ਅਗਸਤ, ਸ਼ੁੱਕਰਵਾਰ ਸ਼ਾਮ ਕਰੀਬ 10 ਵਜੇ ਫ਼ੋਨ ਆਇਆ ਸੀ ਕਿ ਬਰੈਂਪਟਨ ਦੇ ਗ੍ਰੇਟ ਲੇਕ ਬੁਲੇਵਰਡ ਤੇ ਬੋਵੇਅਰਡ ਡ੍ਰਾਈਵ ਵਿਖੇ ਕੁਝ ਲੋਕ ਵੱਡੀ ਗਿਣਤੀ 'ਚ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਲੜਾਈ ਹੋ ਗਈ। ਇਸ ਲੜਾਈ 'ਚ 1 ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।