ਦਿੱਲੀ (ਸਾਹਿਬ) - ਬੰਗਲਾਦੇਸ਼ ਦੇ ਹਾਲਾਤਾਂ ਤੇ ਭਾਰਤ ਦਾ ਵੱਡਾ ਬਿਆਨ ਆਇਆ ਹੈ। ਸਰਕਾਰ ਨੇ ਬੰਗਲਾਦੇਸ਼ ਵਿੱਚ ਅਸਥਿਰ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਅੱਜ ਕਿਹਾ ਕਿ ਉਹ ਗੁਆਂਢੀ ਮੁਲਕ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੰਗਲਾਦੇਸ਼ ਦੀ ਸਥਿਤੀ ’ਤੇ ਰਾਜ ਸਭਾ ਵਿੱਚ ਦਿੱਤੇ ਗਏ ਇਕ ਬਿਆਨ ਵਿੱਚ ਕਿਹਾ ਕਿ ਬੰਗਲਾਦੇਸ਼ ਨਾਲ ਭਾਰਤ ਦੇ ਦਹਾਕਿਆਂ ਤੋਂ ਡੂੰਘੇ ਸਬੰਧ ਹਨ। ਉਨ੍ਹਾਂ ਕਿਹਾ ਕਿ ਉੱਥੋਂ ਦੇ ਹਾਲਾਤ ਨਾਲ ਇੱਥੇ ਵੀ ਚਿੰਤਾ ਪੈਦਾ ਹੋਈ ਹੈ।
ਉਨ੍ਹਾਂ ਕਿਹਾ ਕਿ ਉੱਥੇ ਜੂਨ ’ਚ ਹਾਲਾਤ ਵਿਗੜਨੇ ਸ਼ੁਰੂ ਹੋਏ ਅਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ। ਉਨ੍ਹਾਂ ਕਿਹਾ ਕਿ ਜੋ ਕੁਝ ਗੁਆਂਢੀ ਮੁਲਕ ਵਿੱਚ ਹੋਇਆ ਉਸ ਦਾ ਇਕ ਸੂਤਰੀ ਏਜੰਡਾ ਇਹ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਅਜੇ ਵੀ ਹਾਲਾਤ ਅਸਥਿਰ ਹਨ। ਸਰਕਾਰ ਡਿਪਲੋਮੈਟ ਮਿਸ਼ਨਾਂ ਰਾਹੀਂ ਬੰਗਲਾਦੇਸ਼ ਵਿੱਚ ਭਾਰਤੀ ਭਾਈਚਾਰੇ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਗੁਆਂਢੀ ਮੁਲਕ ਦੇ ਨਾਲ ਲੱਗਣ ਵਾਲੀ ਸਰਹੱਣ ’ਤੇ ਸੁਰੱਖਿਆ ਬਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।