ਵੈੱਬ ਡੈਸਕ (ਸਾਹਿਬ) - ਪਿੰਡ ਗੋਰੀਵਾਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਬੀਤੀ ਰਾਤ ਸਰਕਾਰੀ ਗਰਲਜ਼ ਮਿਡਲ ਸਕੂਲ ਦੇ ਵਰਾਂਡੇ ਵਿੱਚ ‘ਮਿਸ਼ਨ ਖਾਲਿਸਤਾਨ’ ਦੇ ਨਾਅਰੇ ਲਿਖੇ। ਜਾਣਕਾਰੀ ਮੁਤਾਬਕ ਸ਼ਰਾਰਤੀ ਅਨਸਰਾਂ ਵੱਲੋਂ ਚਾਰ ਥਾਈਂ ਇਹ ਨਾਅਰੇ ਲਿਖੇ ਗਏ ਅਤੇ ਸਕੂਲ ਵਿੱਚ ਲੱਗੇ ਕੌਮੀ ਝੰਡੇ ਨੂੰ ਉਤਾਰ ਕੇ ਖਾਲਿਸਤਾਨੀ ਝੰਡੇ ਲਾ ਦਿੱਤੇ ਗਏ। ਇਸ ਬਾਰੇ ਸੂਚਨਾ ਮਿਲਣ ਮਗਰੋਂ ਪੁਲੀਸ ਜ਼ਿਲ੍ਹਾ ਡੱਬਵਾਲੀ ਦੀ ਐੱਸਪੀ ਦੀਪਤੀ ਗਰਗ ਅਤੇ ਡੀਐੱਸਪੀ ਕਿਸ਼ੋਰੀ ਲਾਲ ਨੇ ਸਕੂਲ ਵਿੱਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਸਕੂਲ ਵਿੱਚ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਨਹੀਂ ਹੈ ਜਿਸ ਕਰਕੇ ਪੁਲੀਸ ਨੂੰ ਜਾਂਚ ਵਿੱਚ ਮੁਸ਼ਕਲ ਆ ਰਹੀ ਹੈ। ਪੁਲੀਸ ਨੂੰ ਵਰਾਂਡੇ ’ਚੋਂ ਦੋ ਤੇਜ਼ਧਾਰ ਹਥਿਆਰ ਅਤੇ ਸ਼ਰਾਬ ਦੀ ਬੋਤਲ ਬਰਾਮਦ ਹੋਈ ਹੈ। ਘਟਨਾ ਦਾ ਖੁਲਾਸਾ ਅੱਜ ਸਵੇਰੇ ਸਕੂਲ ਵਿੱਚ ਉਸਾਰੀ ਕਾਰਜ ਲਈ ਮਿਸਤਰੀ ਦੇ ਪੁੱਜਣ ’ਤੇ ਹੋਇਆ।
ਮਿਸਤਰੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਸੂਚਨਾ ਦਿੱਤੀ ਤਾਂ ਸਕੂਲ ਵਿੱਚ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਪੁਲੀਸ ਨੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 296 ਅਤੇ 299 ਤਹਿਤ ਕੇਸ ਦਰਜ ਕੀਤਾ ਹੈ।