ਗੁਰਦਾਸਪੁਰ (ਸਾਹਿਬ) - ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਲਾਸ਼ ਬੀਤੇ ਦਿਨੀਂ ਮੁਹੱਲੇ ਦੇ ਸ਼ਮਸ਼ਾਨਘਾਟ ’ਚੋਂ ਮਿਲੀ ਸੀ। ਨੌਜਵਾਨ ਦੀ ਬਾਂਹ ’ਤੇ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਹੱਲੇ ਤੋਂ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦਾ ਲੜਕਾ ਬੰਟੀ ਸ਼ਮਸ਼ਾਨਘਾਟ ’ਚ ਬੇਸੁੱਧ ਪਿਆ ਹੋਇਆ ਹੈ।
ਜਦੋਂ ਉਨ੍ਹਾਂ ਨੇ ਉਥੇ ਜਾ ਕੇ ਵੇਖਿਆ ਤਾਂ ਉਸ ਦੀ ਬਾਂਹ ’ਤੇ ਟੀਕਾ ਲੱਗਾ ਹੋਇਆ ਸੀ ਅਤੇ ਉਸ ਦੇ ਸਾਥੀ ਉਥੋਂ ਭੱਜ ਚੁੱਕੇ ਸੀ। ਉਨ੍ਹਾਂ ਬੰਟੀ ਨੂੰ ਚੁੱਕ ਕੇ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦਈਏ ਕਿ ਪਰਿਵਾਰ ਨੇ ਦੱਸਿਆ ਕਿ ਬੰਟੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਇਸ ਮਾਮਲੇ ਨੂੰ ਲੈ ਕੇ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੋਈ ਸ਼ਿਕਾਇਤ ਨਹੀਂ ਆਈ। ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਜਾਵੇਗੀ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।