ਅੰਮ੍ਰਿਤਸਰ (ਸਾਹਿਬ) - 23 ਜੁਲਾਈ ਅਤੇ 24 ਜੁਲਾਈ ਦੇ ਲਈ ਪੰਜਾਬ ਵਿੱਚ ਮੌਸਮ ਵਿਭਾਗ ਨੇ ਮੀਂਹ ਹੋਣ ਸੰਬੰਧੀ ਕ੍ਰਮਵਾਰ ਔਰੇਂਜ ਅਲਰਟ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਨਹੀਂ ਹੋਈ, ਜਿਸ ਕਰਕੇ ਲੋਕਾਂ ਨੂੰ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟੈਂਪਰੇਚਰ 35 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ, ਉੱਥੇ ਹੀ ਰਾਤ ਦਾ ਟੈਂਪਰੇਚਰ ਵੀ 28 ਡਿਗਰੀ ਤੋਂ ਉੱਪਰ ਹੈ। ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ 24 ਜੁਲਾਈ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣੀ ਸੀ ਪਰ ਕੁਝ ਕੁ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਜ਼ਰੂਰ ਪਿਆ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ।
ਆਈਐੱਮਡੀ ਦੇ ਮੁਤਾਬਕ ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਲਗਭਗ 37 ਡਿਗਰੀ, ਪਟਿਆਲਾ ਦੇ ਵਿੱਚ 32 ਡਿਗਰੀ, ਲੁਧਿਆਣਾ ਦੇ ਵਿੱਚ 33.6 ਡਿਗਰੀ, ਚੰਡੀਗੜ੍ਹ ਦੇ ਵਿੱਚ 34 ਡਿਗਰੀ ਦੇ ਨੇੜੇ ਟੈਂਪਰੇਚਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ 80 ਫੀਸਦੀ ਦੇ ਕਰੀਬ ਹਵਾ ਦੇ ਵਿੱਚ ਨਮੀ ਦੀ ਮਾਤਰਾ ਰਹੀ ਹੈ, ਜਦੋਂ ਕਿ ਚੰਡੀਗੜ੍ਹ ਦੇ ਵਿੱਚ 71 ਫੀਸਦੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਦਰਜ ਕੀਤੀ ਗਈ ਹੈ। ਹਾਲਾਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਹਲਕੀ ਬੂੰਦਾ-ਬਾਂਦੀ ਜ਼ਰੂਰ ਵੇਖਣ ਨੂੰ ਮਿਲੀ ਹੈ। ਲੁਧਿਆਣਾ 'ਚ ਵੀ ਦੇਰ ਸ਼ਾਮ ਮੀਂਹ ਪਿਆ ਪਰ ਮੀਂਹ ਤੋਂ ਬਾਅਦ ਮੁੜ ਤੋਂ ਗਰਮੀ ਵਧੀ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜ਼ਿਲ੍ਹੇ ਲਈ ਆਰੇਂਜ ਅਲਰਟ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੋਹਾਲੀ 'ਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।