ਵੈਨਕੂਵਰ (ਸਾਹਿਬ) : ਐਡਮੰਟਨ ਸ਼ਹਿਰ ਵਿੱਚ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ’ਤੇ ਕਥਿਤ ਤੌਰ ’ਤੇ ਨਫ਼ਰਤੀ ਅਤੇ ਭਾਰਤ ਵਿਰੋਧੀ ਗੱਲਾਂ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਹੀ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਅਸੀਂ ਐਡਮੰਟਨ ਵਿੱਚ ਬੀਏਪੀਐੱਸ ਸ੍ਰੀ ਸਵਾਮੀਨਾਰਾਇਣ ਮੰਦਰ ਵਿੱਚ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਆਲੋਚਨਾ ਕਰਦੇ ਹਾਂ।
ਅਸੀਂ ਕੈਨੇਡਾ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।’’ ਮੰਦਰ ਸੰਚਾਲਨ ਸੰਸਥਾ ਬੋਚਾਸਨਵਾਸੀ ਅਕਸ਼ਰਪੁਰੂਸ਼ੋਤਮ ਸਵਾਮੀਨਾਰਾਇਣ ਨੇ ਇਸ ਮਾਮਲੇ ਵਿੱਚ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੱਸ ਦਈਏ ਕਿ ਐਡਮੰਟਨ ਸੈਂਟਰ ਤੋਂ ਸੰਸਦ ਮੈਂਬਰ ਰੈਂਡੀ ਬੋਇਸੋਨੌਲਟ ਨੇ ਕਿਹਾ, ‘‘ਐਡਮੰਟਨ ਮੰਦਰ ਨੂੰ ਪੇਂਟ ਨਾਲ ਖ਼ਰਾਬ ਕੀਤਾ ਗਿਆ ਹੈ। ਉਸ ਸਥਾਨ ਦੀਆਂ ਕੰਧਾਂ ’ਤੇ ਨਫ਼ਰਤੀ ਬਿਆਨਬਾਜ਼ੀ ਲਿਖੀ ਗਈ ਹੈ ਜੋ ਕਿ ਸ਼ਰਨ ਦੀ ਥਾਂ ਹੋਣੀ ਚਾਹੀਦੀ ਸੀ। ਕੈਨੇਡਾ ਵਿੱਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ -ਪੂਜਾ ਤੇ ਪ੍ਰਾਰਥਨਾ ਵਾਲੀਆਂ ਥਾਵਾਂ ’ਤੇ ਤਾਂ ਬਿਲਕੁਲ ਨਹੀਂ।
ਇਹ ਘਟਨਾ ਨਿੰਦਣਯੋਗ ਹੈ ਅਤੇ ਸਾਡੇ ਸ਼ਹਿਰ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।’’ ਕੈਨੇਡਾ ਵਿੱਚ ਹਿੰਦੂ ਵਪਾਰਕ ਭਾਈਚਾਰੇ ਦੇ ਹਿੱਤਾਂ ਨੂੰ ਸਮਰਪਿਤ ‘ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ’ ਨੇ ਕਿਹਾ, ‘‘ਇਹ ਘਟਨਾ ਨਾ ਸਿਰਫ਼ ਇਕ ਭੌਤਿਕ ਬਣਤਰ ’ਤੇ ਹਮਲਾ ਹੈ ਬਲਕਿ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਤੇ ਸਾਡੇ ਸਮਾਜ ਦੇ ਸਨਮਾਨ ਤੇ ਬਰਦਾਸ਼ਤ ਦੇ ਸਿਧਾਂਤਾਂ ਦਾ ਵੀ ਅਪਮਾਨ ਹੈ।’’ ਉਸ ਨੇ ਕਿਹਾ, ‘‘ਇਹ ਘਟਨਾਵਾਂ ਬੇਹੱਦ ਪ੍ਰੇਸ਼ਾਨ ਕਰਨ ਵਾਲੀਆਂ ਹਨ ਤੇ ਸਾਡੇ ਸਮਾਜ ਵਿੱਚ ਇਨ੍ਹਾਂ ਲਈ ਕੋਈ ਸਥਾਨ ਨਹੀਂ ਹੈ।’’