ਦੁਬਈ (ਸਾਹਿਬ) - ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਹਿਰਾਸਤ 'ਚ ਲਿਆ ਗਿਆ ਹੈ। ਜੀਓ ਟੀਵੀ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰਾਹਤ ਫਤਿਹ ਅਲੀ ਖਾਨ ਤੋਂ ਥਾਣੇ 'ਚ ਕਈ ਘੰਟੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰਾਹਤ ਫਤਿਹ ਅਲੀ ਖਾਨ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਅਬਿਜ਼ ਪ੍ਰਮੋਟਰ ਸਲਮਾਨ ਅਹਿਮਦ ਨੇ ਦੁਬਈ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਗਾਇਕ ਨੂੰ ਫਿਲਹਾਲ ਅਧਿਕਾਰਤ ਤੌਰ 'ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਰਾਹਤ ਆਪਣੇ ਗਾਇਕੀ ਦੇ ਸ਼ੋਅ ਲਈ ਲਾਹੌਰ ਤੋਂ ਦੁਬਈ ਪਹੁੰਚੇ ਸਨ। ਇਸ ਸਾਲ ਜਨਵਰੀ ਵਿਚ, ਫੈੱਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਮਸ਼ਹੂਰ ਗਾਇਕ ਦੇ ਖਿਲਾਫ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੀ ਜਾਂਚ ਸ਼ੁਰੂ ਕੀਤੀ ਸੀ, ਜਦੋਂ ਇਹ ਖੁਲਾਸਾ ਹੋਇਆ ਸੀ ਕਿ ਗਾਇਕ ਨੇ 12 ਸਾਲਾਂ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਗਾਇਕੀ ਦੇ ਸ਼ੋਅ ਤੋਂ ਲਗਭਗ 8 ਅਰਬ ਰੁਪਏ ਕਮਾਏ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ 'ਤੇ ਕੀ ਦੋਸ਼ ਲੱਗੇ ਹਨ।
ਪਰ ਰਾਹਤ ਦੀ ਮੈਨੇਜਮੈਂਟ ਕੰਪਨੀ ਦੇ ਲੋਕਾਂ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਹੋਰ ਜਾਣਕਾਰੀ ਮਿਲਣ ਦੀ ਉਡੀਕ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਬਾਅਦ 'ਚ ਇਹ ਗੱਲ ਸਾਹਮਣੇ ਆਈ ਕਿ ਰਾਹਤ ਦੇ ਸਾਬਕਾ ਮੈਨੇਜਰ ਅਹਿਮਦ ਨੇ ਦੁਬਈ ਦੇ ਅਧਿਕਾਰੀਆਂ ਦੇ ਸਾਹਮਣੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।