ਵੈੱਬ ਡੈਸਕ (ਸਾਹਿਬ) - 2021 'ਚ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ ਦਰਜ ਹੋਏ ਇਕ ਮਾਮਲੇ 'ਚ ਮਾਣਯੋਗ ਅਦਾਲਤ ਨੇ ਦੋਸ਼ੀ ਪਿਓ ਨੂੰ 20 ਸਾਲ ਕੈਦ ਅਤੇ ਇਕ ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਜਾਣਕਾਰੀ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ ਬਾਲ ਸੁਰੱਖਿਆ ਯੂਨਿਟ ਦੀ ਵਰਕਰ ਦੇ ਬਿਆਨਾਂ ਦੇ ਅਧਾਰ ਤੇ 13 ਅਗਸਤ 2021 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ।
ਦਰਜ ਮਾਮਲੇ ਅਨੁਸਾਰ ਆਨਲਾਈਨ ਸਿਕਾਇਤ ਮਿਲਣ 'ਤੇ ਜਦ ਉਕਤ ਵਰਕਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੰਗਲ ਵਿਖੇ ਪਹੁੰਚੀ ਤਾਂ ਕੌਂਸਲਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ 17 ਸਾਲ, 15 ਸਾਲ ਅਤੇ 9 ਸਾਲ ਦੀਆਂ ਨਬਾਲਿਗ ਬੱਚੀਆਂ ਦਾ ਸੋਸ਼ਣ ਉਨ੍ਹਾਂ ਦੇ ਪਿਤਾ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ 'ਤੇ ਥਾਣਾ ਬਰੀਵਾਲਾ ਵਿਖੇ ਆਈ. ਪੀ. ਸੀ. ਦੀ ਧਾਰਾ 354 ਏ, ਪੋਸਕੋ ਐਕਟ 4 ਅਤੇ 6 ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ ਵਿਚ ਅੱਜ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਪਿਤਾ ਨੂੰ ਆਈ. ਪੀ. ਸੀ. ਦੀ ਧਾਰਾ 354 ਏ ਤਹਿਤ 3 ਸਾਲ ਦੀ ਕੈਦ 20 ਹਜ਼ਾਰ ਰੁਪਏ ਜੁਰਮਾਨਾ, 4 ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ 50 ਹਜ਼ਾਰ ਰੁਪਏ ਜੁਰਮਾਨਾ, 6 ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ।