ਅੰਮ੍ਰਿਤਸਰ (ਸਾਹਿਬ) - ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਹੀ ਕਿਸਾਨ ਆਪਣੀ ਮੰਗਾਂ ’ਤੇ ਬਜ਼ਿੱਦ ਹਨ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਰਡਰ ਨੂੰ ਖੁੱਲ੍ਹਵਾਉਣ ਦੇ ਲਈ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਹਨ ਪਰ ਇਨ੍ਹਾਂ ਹੁਕਮਾਂ ਨੂੰ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ’ਚ ਚੁਣੌਤੀ ਦੇ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ’ਤੇ ਲੱਗੇ ਧਰਨੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਮਜ਼ਦੂਰਾਂ ਨੂੰ ਇਨਸਾਫ ਨਾ ਮਿਲਣ ਤੱਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਤੋਂ 20 ਅਗਸਤ ਨੂੰ ਵੱਡੀ ਤਾਦਾਦ ’ਚ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੇ ਸੰਭੂ ਬਾਰਡਰ ਨੂੰ ਨਹੀਂ ਰੋਕੇ ਹਨ ਬਲਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਨੂੰ ਰੋਕਿਆ ਹੋਇਆ ਹੈ। ਹਰਿਆਣਾ ਸਰਕਾਰ ਦੱਸੇ ਕਿ ਪਿਛਲੇ ਪੰਜ ਮਹੀਨਿਆਂ ਤੋਂ ਜਿੱਥੇ ਕਿਸਾਨ ਬੈਠੇ ਹੋਏ ਹਨ ਉੱਥੇ ਕਾਨੂੰਨ ਵਿਵਸਥਾ ਨੂੰ ਕਿਹੜਾ ਖਤਰਾ ਪੈਦਾ ਹੋਇਆ ਹੈ। ਕੀ ਇਸ ਗੱਲ੍ਹ ਦਾ ਹਰਜਾਨਾ ਮੋਦੀ ਸਰਕਾਰ ਤੋਂ ਨਹੀਂ ਲੈਣਾ ਚਾਹੀਦਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਜੋ ਵਪਾਰੀਆਂ, ਟਰਾਂਸਪੋਰਟੇਸ਼ਨ ਦਾ ਆਰਥਿਕ ਨੁਕਸਾਨ ਹੋਇਆ ਹੈ ਉਸ ਨੂੰ ਕੌਣ ਭਰੇਗਾ।
ਨਾਲ ਹੀ ਇਹ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਕਿੰਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਅਤੇ ਕਿੰਨ੍ਹਾਂ ਨੇ ਵਪਾਰੀਆਂ ਅਤੇ ਟਰਾਂਸਪੋਰਟਾਂ ਦਾ ਨੁਕਸਾਨ ਕੀਤਾ ਅਤੇ ਕਿਸਨੇ ਕਿਸਾਨ ਸ਼ੁਭਕਰਨ ਨੂੰ ਸ਼ਹੀਦ ਕੀਤਾ ਅਤੇ ਕਿੰਨ੍ਹਾਂ ਨੇ 433 ਕਿਸਾਨਾਂ ਨੂੰ ਜ਼ਖਮੀ ਕੀਤੇ ਅਤੇ 25 ਦੇ ਕਰੀਬ ਕਿਸਾਨ ਦੂਜੇ ਦਿੱਲੀ ਅੰਦੋਲਨ ’ਚ ਕਿਸਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਦਾ ਹਿਸਾਬ ਕਿਸਨੇ ਦੇਣਾ ਹੈ। ਓਥੇ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਗੰਭੀਰ ਹੈ ਤਾਂ ਉਹ ਕਿਸਾਨਾਂ ਨਾਲ ਬੈਠ ਕੇ ਕਿਸਾਨਾਂ ਨਾਲ ਗੱਲ੍ਹ ਕਰੇ। ਕਿਸਾਨਾਂ ਦੇ ਵਾਜਿਬ ਮੰਗਾਂ ਦਾ ਨਿਪਟਾਰਾ ਜਲਦ ਹੋਣਾ ਚਾਹੀਦਾ ਹੈ ਜਦੋ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।