ਅੰਮ੍ਰਿਤਸਰ (ਸਾਹਿਬ) - 400 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਇਕ ਪਸ਼ੂ ਫਾਰਮ ’ਚ ਤਬਦੀਲ ਕਰ ਦਿੱਤਾ ਗਿਆ ਹੈ ਇਹ ਘਟਨਾ ਪਾਕਿਸਤਾਨ ਪੰਜਾਬ ਦੇ ਅਹਿਮਦਪੁਰ ਲਾਮ ਕਸਬੇ ’ਚ ਵਾਪਰੀ। ਜੋ ਖੇਤਰ ’ਚ ਧਾਰਮਿਕ ਘੱਟ ਗਿਣਤੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਚਾਰ ਸਦੀਆਂ ਦਾ ਇਤਿਹਾਸ ਰੱਖਣ ਵਾਲਾ ਇਹ ਪ੍ਰਾਚੀਨ ਮੰਦਰ ਅਣਗਹਿਲੀ ਅਤੇ ਦੁਰਵਰਤੋਂ ਦਾ ਸ਼ਿਕਾਰ ਹੋ ਗਿਆ ਹੈ। ਮੌਜੂਦਾ ਸਮੇਂ ’ਚ ਇਹ ਇਕ ਵਿਅਕਤੀ ਦੀ ਮਲਕੀਅਤ ਹੈ, ਜੋ ਇਸ ਨੂੰ ਪਸ਼ੂ ਫਾਰਮ ਵਜੋਂ ਵਰਤ ਰਿਹਾ ਹੈ। ਮੰਦਰ ਦੇ ਰੂਪਾਂਤਰਣ ਨੇ ਇਸ ਦੀ ਪਛਾਣ ਨੂੰ ਧੁੰਦਲਾ ਕਰ ਦਿੱਤਾ ਹੈ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਦੇਵਤੇ ਨੂੰ ਸਮਰਪਿਤ ਸੀ।
ਸੂਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਇਹ ਮੰਦਰ ਅਸਲ ’ਚ ਅਹਿਮਦਪੁਰ ਦੇ ਇਕ ਮੋਹਨ ਭਗਤ ਨੇ ਬਣਵਾਇਆ ਸੀ, ਜੋ ਪੂਰੇ ਸ਼ਹਿਰ ਦਾ ਇਕ ਅਮੀਰ ਆਦਮੀ ਸੀ। ਮੋਹਨ ਭਗਤ ਦੇ ਪਰਿਵਾਰ ਨੇ ਵੰਡ ਦੌਰਾਨ ਮੰਦਰ ਅਤੇ ਆਪਣੀ ਜਾਇਦਾਦ ਨਾ ਛੱਡਣ ਦਾ ਫੈਸਲਾ ਕੀਤਾ ਸੀ ਅਤੇ ਪਾਕਿਸਤਾਨ ’ਚ ਰਹਿਣ ਦਾ ਫੈਸਲਾ ਕੀਤਾ ਸੀ।
ਹਾਲਾਂਕਿ, ਉਸ ਦਾ ਇਹ ਫੈਸਲਾ ਘਾਤਕ ਸਾਬਤ ਹੋਇਆ ਕਿਉਂਕਿ ਸਥਾਨਕ ਇਸਲਾਮੀਆਂ ਨੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ, ਜਿਸ ਕਾਰਨ ਇਹ ਹੈ ਕਿ ਇਹ ਮੰਦਰ ਆਪਣੀ ਮੌਜੂਦਾ ਹਾਲਤ ’ਚ ਖੰਡਰ ਹੈ।