ਜਲੰਧਰ (ਸਾਹਿਬ) - ਜਲੰਧਰ ਦੇ ਸੁੱਚੀ ਪਿੰਡ ਰੇਲਵੇ ਸਟੇਸ਼ਨ ਦੇ ਨੇੜੇ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰਬਾਜ਼ੀ ਕੀਤੀ ਗਈ। ਇਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਰੇਲਵੇ ਪੁਲਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਵਿਆਪਕ ਕਦਮ ਉਠਾਏ ਜਾ ਰਹੇ ਹਨ, ਹਾਲਾਂਕਿ ਇਸ ਘਟਨਾ ਸਮੇਂ ਅਸਮਾਜਿਕ ਅਨਸਰ ਆਪਣੇ ਨਾਪਾਕ ਇਰਾਦਿਆਂ ਵਿਚ ਸਫ਼ਲ ਨਹੀਂ ਹੋ ਸਕੇ।
ਦੱਸਿਆ ਜਾ ਰਿਹਾ ਹੈ ਕਿ ਪੱਥਰ ਟਰੇਨ ਨੂੰ ਨਹੀਂ ਲੱਗੇ ਅਤੇ ਵੱਡੀ ਘਟਨਾ ਤੋਂ ਬਚਾਅ ਰਿਹਾ। ਦੱਸ ਦਈਏ ਕਿ ਘਟਨਾ ਮੰਗਲਵਾਰ ਸ਼ਾਮ ਨੂੰ 7 ਵਜੇ ਦੇ ਲਗਭਗ ਵਾਪਰੀ। ਟਰੇਨ ਨੰਬਰ 22440 ਦੁਪਹਿਰ 2.55 ’ਤੇ ਮਾਤਾ ਵੈਸ਼ਨੋ ਦੇਵੀ ਤੋਂ ਨਵੀਂ ਦਿੱਲੀ ਵੱਲ ਜਾ ਰਹੀ ਸੀ। ਸ਼ਾਮ 5.30 ’ਤੇ ਪਠਾਨਕੋਟ ਤੋਂ ਚੱਲ ਕੇ ਟਰੇਨ ਲੁਧਿਆਣਾ ਵੱਲ ਜਾ ਰਹੀ ਸੀ। ਇਸ ਦੌਰਾਨ ਜਲੰਧਰ ਦੇ ਸੁੱਚੀ ਪਿੰਡ ਵਿਚ 7 ਵਜੇ ਦੇ ਲਗਭਗ ਟਰੇਨ ’ਤੇ ਪੱਥਰਬਾਜ਼ੀ ਦੀ ਕੋਸ਼ਿਸ਼ ਹੋਈ। ਦੱਸਿਆ ਜਾ ਰਿਹਾ ਹੈ ਕਿ ਸਭ ਕੁਝ ਠੀਕ ਰਿਹਾ, ਜਿਸ ਕਾਰਨ ਅਧਿਕਾਰੀਆਂ ਨੂੰ ਰਾਹਤ ਮਿਲੀ ਹੈ ਪਰ ਘਟਨਾ ਸਬੰਧੀ ਸਖ਼ਤੀ ਹੁੰਦੀ ਨਜ਼ਰ ਆ ਰਹੀ ਹੈ।
ਰੇਲਵੇ ਪੁਲਸ ਵੱਲੋਂ ਇਸ ਸਬੰਧੀ ਮੁਲਜ਼ਮਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਜੁਟਾਉਣ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਬਚ ਨਹੀਂ ਸਕਣਗੇ। ਇਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਟਰੇਨਾਂ ’ਤੇ ਪੱਥਰਬਾਜ਼ੀ ਕਰਨ ਵਾਲੇ ਸਰਗਰਮ ਹੋ ਚੁੱਕੇ ਹਨ ਤਾਂ ਜੋ ਸਮਾਜ ਵਿਚ ਅਰਾਜਕਤਾ ਫ਼ੈਲਾਈ ਜਾ ਸਕੇ ਪਰ ਸਬੰਧਤ ਵਿਭਾਗੀ ਅਧਿਕਾਰੀ ਇਸ ਤਰ੍ਹਾਂ ਦੇ ਲੋਕਾਂ ਖ਼ਿਲਾਫ਼ ਸਖ਼ਤ ਕਦਮ ਉਠਾ ਰਹੇ ਹਨ।