ਜਲੰਧਰ (ਸਾਹਿਬ) - ਪੱਛਮੀ ਵਿਧਾਨ ਸਭਾ ਹਲਕੇ ਲਈ ਹੋਈ ਵੋਟਿੰਗ ਦੌਰਾਨ ਕੁੱਲ ਵੋਟਰਾਂ ’ਚੋਂ ਅੱਧੇ ਤੋਂ ਕੁਝ ਕੁ ਵੱਧ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਮਨੀ ਚੋਣ ਵਿੱਚ ਵੋਟਾਂ ਦੀ ਦਰ ਘੱਟ ਰਹਿਣ ਦਾ ਅਸਰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਪ੍ਰਭਾਵਿਤ ਕਰੇਗਾ। ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਪਰ ਸ਼ਹਿਰੀ ਇਲਾਕਾ ਹੋਣ ਕਾਰਨ ਸਵੇਰ ਸਮੇਂ ਵੋਟਿੰਗ ਦੀ ਰਫ਼ਤਾਰ ਮੱਠੀ ਹੀ ਰਹੀ। ਦੁਪਹਿਰ 3:00 ਵਜੇ ਤੱਕ ਸਿਰਫ਼ 42 ਫ਼ੀਸਦੀ ਮਤਦਾਨ ਹੋਇਆ, ਜੋ ਸ਼ਾਮ 5:00 ਵਜੇ ਤੱਕ 51.30 ਫ਼ੀਸਦੀ ਹੋ ਗਿਆ ਤੇ ਅਖੀਰ ਵੋਟਿੰਗ ਖ਼ਤਮ ਹੋਣ ਤੱਕ ਇਹ ਫੀਸਦ 55 ਤੱਕ ਪਹੁੰਚ ਗਈ।
ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਸਾਲ 2022 ਵਿੱਚ ਇਸ ਸੀਟ ਲਈ 67 ਫ਼ੀਸਦੀ ਮਤਦਾਨ ਹੋਇਆ ਸੀ। ਇਸ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਵੋਟਰਾਂ ਨੇ 15 ਉਮੀਦਵਾਰਾਂ ਦਾ ਭਵਿੱਖ ਈਵੀਐੱਮਜ਼ ਵਿੱਚ ਬੰਦ ਕਰ ਦਿੱਤਾ ਹੈ। ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਣੀ ਹੈ। ਜ਼ਿਲ੍ਹਾ ਮੁੱਖ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਪੋਲਿੰਗ ਅਮਨ-ਅਮਾਨ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ।