ਹਰਾਰੇ (ਸਾਹਿਬ) - ਤੀਜਾ ਮੈਚ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 23 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ ਤੇ 23 ਦੌੜਾਂ ਨਾਲ ਮੈਚ ਹਾਰ ਗਈ। ਇਸ ਤਰ੍ਹਾਂ ਭਾਰਤ ਨੇ 5 ਮੈਚਾਂ ਦੀ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। ਦੱਸ ਦਈਏ ਕਿ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵੇਸਲੀ ਮਧੇਵੇਰੇ 1 ਦੌੜ ਦੇ ਨਿੱਜੀ ਸਕੋਰ 'ਤੇ ਆਵੇਸ਼ ਖਾਨ ਵਲੋਂ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ।
ਜ਼ਿੰਬਾਬਵੇ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਤਾਦੀਵਨਾਸ਼ੇ ਮਾਰੂਮਾਨੀ 13 ਦੌੜਾਂ ਬਣਾ ਖਲੀਲ ਅਹਿਮਦਿ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ ਤੀਜੀ ਵਿਕਟ ਬ੍ਰਾਇਨ ਬੇਨੇਟ ਦੇ ਆਊਟ ਹੋਣ ਨਾਲ ਡਿੱਗੀ। ਬੇਨੇਟ 4 ਦੌੜਾਂ ਬਣਾ ਆਵੇਸ਼ ਖਾਨ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ ਚੌਥੀ ਵਿਕਟ ਕਪਤਾਨ ਸਿਕੰਦਰ ਰਜ਼ਾ ਦੇ ਆਊਟ ਹੋਣ ਨਾਲ ਡਿੱਗੀ। ਰਜ਼ਾ 15 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ ਪੰਜਵਾਂ ਝਟਕਾ ਜੋਨਾਥਨ ਕੈਂਪਬੇਲ ਦੇ ਆਊਟ ਹੋਣ ਨਾਲ ਲੱਗਾ। ਕੈਂਪਬੇਲ 1 ਦੌੜ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਕਲਾਈਵ ਮਡਾਂਡੇ 37 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਭਾਰਤ ਵਲੋਂ ਖਲੀਲ ਅਹਿਮਦ ਨੇ 1, ਆਵੇਸ਼ ਖਾਨ ਨੇ 2, ਵਾਸ਼ਿੰਗਟਨ ਸੁੰਦਰ ਨੇ 3 ਵਿਕਟਾਂ ਲਈਆਂ।