ਜਲੰਧਰ (ਸਾਹਿਬ) - ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਮੌਸਮ ਨੇ ਕਰਵਟ ਬਦਲੀ ਹੈ ਅਤੇ ਬਾਰਿਸ਼ ਦੀ ਦਸਤਕ ਨਾਲ ਤਾਪਮਾਨ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿਚ 266 ਐੱਮ. ਐੱਮ. ਬਾਰਿਸ਼ ਨਾਲ ਵੱਖ-ਵੱਖ ਸੂਬਿਆਂ ਦੇ ਤਾਪਮਾਨ ਵਿਚ 6 ਤੋਂ 7 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਸ਼ੁਰੂ ਹੋਇਆ ਬਾਰਿਸ਼ ਦਾ ਸਿਲਸਿਲਾ 5 ਜੁਲਾਈ ਨੂੰ ਵੀ ਜਾਰੀ ਰਹੇਗਾ।
ਮਾਨਸੂਨ ਦੇ ਸਮੇਂ ਤੋਂ ਪਹਿਲਾਂ ਦਸਤਕ ਦੇਣ ਕਾਰਨ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਔਰੇਂਜ ਅਲਰਟ ਨਾਲ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ ਔਰੇਂਜ ਅਲਰਟ ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਹਿਗੜ੍ਹ ਸਾਹਿਬ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਸ਼ਾਮਲ ਹਨ। ਇਸੇ ਸਿਲਸਿਲੇ ਵਿਚ 6 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹੇ ਯੈਲੋ ਅਲਰਟ ਦੀ ਲਪੇਟ ਵਿਚ ਰਹਿਣਗੇ।
ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ 266 ਐੱਮ. ਐੱਮ. ਤੋਂ ਵੱਧ ਬਾਰਿਸ਼ ਹੋਈ। ਬੀਤੇ ਦਿਨੀਂ 44.1 ਡਿਗਰੀ ਦੇ ਮੁਕਾਬਲੇ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉਥੇ ਹੀ, ਪੰਜਾਬ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਤਕ ਪਹੁੰਚ ਗਿਆ ਹੈ।