ਅੰਮ੍ਰਿਤਸਰ (ਰਾਘਵ) - ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਬਰਸਾਤ ਤੋਂ ਬਾਅਦ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀਆਂ ਤੋਂ ਨਿਪਟਣ ਦੇ ਲਈ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾਕਟਰ ਹਰਜੋਤ ਕੌਰ ਨੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਉਨ੍ਹਾਂ ਦੇ ਵੱਲੋਂ 15 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਜਿਨ੍ਹਾਂ ਵਿੱਚ ਮਲਟੀਪਰਪਜ਼ ਵਰਕਰ ਵੀ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ 18 ਬਿਲਡਿੰਗ ਚੈੱਕਰ ਵੀ ਹਨ। ਉਨ੍ਹਾਂ ਦੀ ਵੱਲੋਂ ਹੁਣ ਤੱਕ 3 ਲੱਖ 30 ਹਜ਼ਾਰ ਘਰਾਂ ਦਾ ਦੌਰਾ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 111 ਘਰਾਂ ਦੇ ਵਿੱਚ ਲਾਰਵਾ ਪਾਇਆ ਗਿਆ ਹੈ, 63 ਘਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ 48 ਘਰਾਂ ਨੂੰ ਚਲਾਨ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਲਾਰਵੇ ਦਾ ਸੈਂਪਲ ਮਿਲਦਾ ਹੈ। ਉਸ ਲਾਰਵੇ ਨੂੰ ਸਪਰੇਅ ਦੇ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ।