ਅੰਮ੍ਰਿਤਸਰ (ਸਾਹਿਬ): ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਦਿੱਲੀ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਪੱਟੀ-ਮੱਖੂ ਰੇਲ ਲਿੰਕ ਸਮੇਤ ਅੰਮ੍ਰਿਤਸਰ ਦੇ ਰੇਲਵੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਬਾਰੇ ਚਰਚਾ ਕੀਤੀ। ਔਜਲਾ ਨੇ ਰੇਲ ਮੰਤਰੀ ਵੈਸ਼ਨਵ ਨੂੰ ਉਨ੍ਹਾਂ ਦੀ ਜਿੱਤ ਅਤੇ ਰੇਲ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਅੰਮ੍ਰਿਤਸਰ ਦੇ ਰੇਲਵੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਬਾਰੇ ਗੱਲ ਕੀਤੀ ਅਤੇ ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਜਲਦੀ ਸ਼ੁਰੂ ਹੋ ਜਾਣਗੇ।
ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਪੱਟੀ ਮੱਖੂ ਰੇਲ ਲਿੰਕ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਅੰਮ੍ਰਿਤਸਰ ਦੇ ਆਰ.ਓ.ਬੀ ਅਤੇ ਅੰਡਰਬ੍ਰਿਜ ਬਾਰੇ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਰੇਲਵੇ ਵਿਭਾਗ ਵੱਲੋਂ ਲੰਬਿਤ ਪਏ ਕੰਮਾਂ ਨੂੰ ਪੂਰਾ ਕਰਕੇ ਨਵੇਂ ਕੰਮ ਸ਼ੁਰੂ ਕਰਵਾਏ ਜਾਣਗੇ। ਸੰਸਦ ਮੈਂਬਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਪਹਿਲਾਂ ਹੀ ਚੱਲ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣ ਅਤੇ ਨਵੇਂ ਪ੍ਰਾਜੈਕਟ ਲਿਆਉਣ ਲਈ ਪੂਰਾ ਯਤਨ ਕਰਨਗੇ। ਇਸੇ ਤਰ੍ਹਾਂ ਕਈ ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਬਾਰੇ ਚਰਚਾ ਕੀਤੀ ਤਾਂ ਜੋ ਲੋਕਾਂ ਨੂੰ ਹੋਰ ਵਧੇਰੇ ਸਹੂਲਤਾਂ ਮਿਲ ਸਕਣ ਅਤੇ ਲੰਬੀ ਦੂਰੀ ਦਾ ਸਫਰ ਆਸਾਨੀ ਨਾਲ ਤੇ ਘੱਟ ਬਜਟ ਵਿੱਚ ਕੀਤਾ ਜਾ ਸਕੇ।
ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ’ਚ ਮਹਿੰਗੀ ਹੋ ਰਹੀ ਬਿਜਲੀ ਅਤੇ ਲਗਾਤਾਰ ਵਧ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਮਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ| ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦੇ ਹੀ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਬਿਜਲੀ ਦਰਾਂ ਵਿੱਚ ਵਾਧਾ ਕਰਨਾ ਅਤੇ ਸਪਲਾਈ ਘਟਾਉਣਾ ਅਤਿ ਨਿੰਦਣਯੋਗ ਹੈ।