ਪਠਾਨਕੋਟ (ਰਾਘਵ) : ਪਠਾਨਕੋਟ ਦੇ ਕਾਠ ਵਾਲਾ ਪੁਲ ਉਤੇ ਨਹਿਰ ਵਿਚ ਇੱਕ ਕਾਰ ਡਿੱਗੀ, ਕਾਰ ਵਿਚ ਸਵਾਰ 6 ਲੋਕਾਂ ਵਿਚੋਂ 2 ਦੀ ਮੌਤ ਹੋ ਗਈ ਹੈ। 4 ਜਖਮੀ ਹੋਏ ਹਨ। ਮ੍ਰਿਤਕਾਂ ਵਿਚੋਂ ਇਕ ਕਰੀਬ 6 ਮਹੀਨੇ ਪਹਿਲਾਂ ਸਾਊਥ ਕੋਰੀਆ ਤੋਂ ਪੰਜਾਬ ਪਰਤਿਆ ਸੀ। ਇਸ ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਸਮਾਰੋਹ ਤੋਂ ਆਪਣੇ ਘਰ ਜਾ ਰਹੇ ਸੀ ਵਾਪਿਸ: ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਕਾਠ ਵਾਲਾ ਪੁਲ ਉਤੇ ਬੀਤੀ ਰਾਤ ਕਾਰ ਡਿੱਗੀ ਹੈ। ਇਹ ਲੋਕ ਇਕ ਪਰਿਵਾਰਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ। ਕਾਠ ਵਾਲਾ ਪੁਲ ਨੇੜੇ ਇਨ੍ਹਾਂ ਦੀ ਕਾਰ ਨਹਿਰ ਵਿਚ ਡਿੱਗ ਗਈ।
ਕਾਰ ਸਵਾਰ 6 ਲੋਕਾਂ ਵਿਚੋਂ 2 ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ 4 ਜਖਮੀ ਦੱਸੇ ਜਾ ਰਹੇ ਹਨ। ਓਥੇ ਹੀ ਇਸੇ ਸਬੰਧੀ ਜਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲੜਕੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਾਰ ਨਹਿਰ ਵਿਚ ਡਿੱਗੀ ਹੈ, ਜਿਸ ਦੇ ਬਾਅਦ ਮੌਕੇ ਉਤੇ ਪਹੁੰਚੇ ਤਾਂ ਕਾਰ ਵਿਚ ਸਵਾਰ 6 ਲੋਕਾਂ ਵਿਚੋਂ 4 ਬਾਹਰ ਨਿਕਲ ਆਏ ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ ਅਤੇ ਜਦ ਕਾਰ ਵਿਚ ਫਸੇ 2 ਨੌਜਵਾਨਾਂ ਦੀ ਮੌਤ ਹੋ ਗਈ। ਦਸਣਯੋਗ ਹੈ ਕਿ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਵਿਚੋਂ ਇਕ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ ਜਿਸ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਕੈਨੇਡਾ ਚਲੀ ਗਈ ਤੇ ਆਉਣ ਵਾਲੇ 20 ਦਿਨਾਂ ਬਾਅਦ ਇਸ ਨੌਜਵਾਨ ਨੇ ਵੀ ਕੈਨੇਡਾ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।