ਪਠਾਨਕੋਟ (ਰਾਘਵ) : ਜੰਮੂ-ਕਸ਼ਮੀਰ ਦੇ ਕਠੂਆ 'ਚ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਤੀਆਂ 'ਚ ਰਾਤ ਸਮੇਂ ਦੋ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਤੋਂ ਬਾਅਦ ਪੂਰੇ ਇਲਾਕੇ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪਿੰਡ ਕੋਟ ਪੱਤੀਆਂ ਵਿੱਚ ਰਾਤ ਕਰੀਬ 9.30 ਵਜੇ ਦੋ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਇੱਕ ਫਾਰਮ ਹਾਊਸ ਵਿੱਚ ਦਾਖ਼ਲ ਹੋ ਕੇ ਪਰਿਵਾਰ ਨੂੰ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਉੱਥੇ ਰਾਤ ਦਾ ਖਾਣਾ ਖਾਧਾ ਅਤੇ ਫਿਰ ਉੱਥੋਂ ਚਲੇ ਗਏ।
ਸੂਚਨਾ ਮਿਲਦੇ ਹੀ ਪੁਲਿਸ, ਬੀਐਸਐਫ, ਆਰਮੀ, ਕਮਾਂਡੋਜ਼ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਸ਼ੱਕੀ ਵਿਅਕਤੀ ਕਿੱਥੋਂ ਆਏ ਅਤੇ ਕਿੱਥੇ ਗਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਪੁਲਿਸ ਵੱਲੋਂ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਫਾਰਮ ਹਾਊਸ 'ਚ ਸ਼ੱਕੀ ਠਹਿਰੇ ਹੋਏ ਸਨ, ਦੇ ਬਾਹਰ ਪੁਲਸ ਫੋਰਸ ਸਖਤ ਨਜ਼ਰ ਰੱਖ ਰਹੀ ਹੈ। ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ।