ਨਵੀਂ ਦਿੱਲੀ (ਰਾਘਵ) - ਸੋਮਵਾਰ ਨੂੰ ਜ਼ਿੰਬਾਬਵੇ ਦੌਰੇ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਇਸ ਦੌਰੇ ‘ਤੇ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਟੀ-20 ਮੈਚ 6 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ।
ਰਿਆਨ ਪਰਾਗ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਅਤੇ ਤੁਸ਼ਾਰ ਦੇਸ਼ਪਾਂਡੇ ਨੂੰ ਪਹਿਲੀ ਵਾਰ ਟੀਮ ਵਿੱਚ ਮੌਕਾ ਮਿਲਿਆ ਹੈ। ਬੀਸੀਸੀਆਈ ਨੇ ਇਨ੍ਹਾਂ ਖਿਡਾਰੀਆਂ ਨੂੰ ਆਈਪੀਐਲ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤਾ ਹੈ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਸਭ ਤੋਂ ਵੱਧ ਉਮਰ ਦੇ ਖਿਡਾਰੀ ਹਨ।
ਇਸ ਟੀਮ ਵਿੱਚ ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਰਿੰਕੂ ਸਿੰਘ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ ਅਤੇ ਕਪਤਾਨ ਸ਼ੁਭਮਨ ਗਿੱਲ ਅਤੇ ਧਰੁਵ ਜੁਰੇਲ ਤਜਰਬੇਕਾਰ ਖਿਡਾਰੀਆਂ ਵਿੱਚ ਸ਼ਾਮਲ ਹਨ। ਜੁਰੇਲ ਨੇ ਸਾਲ ਦੀ ਸ਼ੁਰੂਆਤ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ।ਬੀਸੀਸੀਆਈ ਨੇ ਜ਼ਿੰਬਾਬਵੇ ਦੌਰੇ ਲਈ ਲਗਭਗ ਸਾਰੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਸ ਦੌਰੇ ‘ਤੇ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ।