ਪਟਿਆਲਾ (ਰਾਘਵ) - ਪਟਿਆਲਾ ਦੇ ਇਕ ਪਿੰਡ ਤੋਂ ਰੂਹ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਅਤੇ ਉਸ ਦੀ ਨਾਬਾਲਗ ਧੀ ਨਾਲ ਔਰਤ ਦੇ ਪਤੀ ਸਮੇਤ ਜੇਠ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਜਬਰ-ਜਨਾਹ ਕਰ ਉਸ ਦੀ ਨਾਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਨੇ ਇਸ ਮਾਮਲੇ ’ਚ ਦੋਸ਼ੀ ਪਾਏ ਗਏ ਪੀੜਤ ਔਰਤ ਦੇ ਪਤੀ ਬਲਜੀਤ ਸਿੰਘ ਅਤੇ ਜੇਠ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਜ਼ੀਰੋ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਹਾਲੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਬਲਜੀਤ ਸਿੰਘ ਨਾਲ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਹੋਇਆ ਸੀ। ਉਸ ਦੇ ਪਹਿਲੇ ਵਿਆਹ ਤੋਂ ਉਸ ਦੀ ਇਕ ਧੀ ਹੈ ਜੋ ਹਾਲੇ ਨਾਬਾਲਗ ਹੈ। ਬਲਜੀਤ ਸਿੰਘ ਨਾਲ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਬਲਜੀਤ ਸਿੰਘ ਨੇ ਉਸ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਇਸ ਕਾਰਨ ਉਸ ਦੀ ਕੁੜੀ ਦੀ ਸ਼ਿਕਾਇਤ ’ਤੇ ਮਈ 2023 ਵਿਚ ਥਾਣਾ ਸਦਰ ਖਰੜ ਵਿਚ ਉਸ ਦੇ ਪਤੀ ਬਲਜੀਤ ਸਿੰਘ ਖ਼ਿਲਾਫ਼ ਧਾਰਾ 354 ਅਤੇ 10 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਮੁਲਜ਼ਮ ਬਲਜੀਤ ਸਿੰਘ ਜੇਲ੍ਹ ਵਿਚ ਵੀ ਰਿਹਾ ਸੀ। ਇਸ ਦੌਰਾਨ ਬਲਜੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੜੀ ਨੂੰ ਲਾਲਚ ਦੇ ਕੇ ਆਪਣੇ ਕੋਲ ਬੁਲਾ ਲਿਆ ਅਤੇ ਇਕ ਸਾਜ਼ਿਸ਼ ਤਹਿਤ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਉਸ ਨੂੰ ਬਲੈਕਮੇਲ ਕੀਤਾ ਗਿਆ ਕਿ ਬਲਜੀਤ ਸਿੰਘ ਨੂੰ ਜੇਲ੍ਹ ਵਿਚੋਂ ਛੁਡਵਾ ਦੇਵੇ, ਜਿਸ ਉਪਰੋਕਤ ਧਮਕੀਆਂ ਦੇ ਡਰ ਤੋਂ ਆਖਰਕਾਰ ਅਦਾਲਤ ਤੋਂ ਕੇਸ ਵਾਪਸ ਲੈ ਲਿਆ ਅਤੇ ਦੋਸ਼ੀ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਸ਼ਿਕਾਇਤਕਰਤਾ ਦਾ ਵਿਆਹ ਮੁਲਜ਼ਮ ਬਲਜੀਤ ਨਾਲ ਹੋਇਆ।
ਜਿਸ ਦਾ ਮੁੱਖ ਕਾਰਨ ਇਹ ਸੀ ਕਿ ਉਸ ਦਾ ਸਹੁਰਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਭਵਿੱਖ ਵਿਚ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਕਰਵਾਏ। ਆਖ਼ਰਕਾਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਆਪਣੇ ਜੇਠ ਗੁਰਵਿੰਦਰ ਸਿੰਘ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਦੀ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੇ ਪਤੀ ਅਤੇ ਜੇਠ ਵਲੋਂ ਉਸ ਦੀ ਧੀ ਦੇ ਸਾਹਮਣੇ ਲਗਾਤਾਰ ਜਬਰਨ ਜਬਰ-ਜਨਾਹ ਕੀਤਾ ਜਾਂਦਾ ਸੀ। ਉਨ੍ਹਾਂ ਦੇ ਅਜਿਹੇ ਘਿਣਾਉਣੇ ਵਤੀਰੇ ਤੋਂ ਤੰਗ ਆ ਕੇ ਜਦੋਂ ਵੀ ਉਸ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ, ਨਾ ਸਿਰਫ਼ ਉਸ ਨੂੰ ਖ਼ਰਚੇ ਲਈ ਸਗੋਂ ਧੀ ਦੀ ਸਕੂਲ ਦੀ ਫੀਸ ਵੀ ਨਹੀਂ ਦਿੰਦਾ ਸੀ। ਹਰ ਗੱਲ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਸੇ ਵੀ ਹਾਲਤ ਵਿਚ ਪੁਲਸ ਕੋਲ ਜਾਣ ’ਤੇ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ।ਦੱਸ ਦਈਏ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਪਤੀ ਨੇ ਉਸ ਦੇ ਪਹਿਲੇ ਪਤੀ ਤੋਂ ਬੇਟੀ ਦਾ ਹਿੱਸਾ ਲਿਆਉਣ ਲਈ 20 ਲੱਖ ਰੁਪਏ ਦੀ ਮੰਗ ਕੀਤੀ। ਇਸ ਸਬੰਧੀ ਉਸ ਦੇ ਪਹਿਲੇ ਪਤੀ ਨੇ ਆਪਣੇ ਮੌਜੂਦਾ ਪਤੀ ਬਲਜੀਤ ਸਿੰਘ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਔਰਤ ਨੇ ਦੱਸਿਆ ਕਿ ਇਕ ਦਿਨ ਉਸ ਦੀ ਬੇਟੀ ਦੇ ਸਹਿਪਾਠੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਬੇਟੀ ਵੀ ਸਕੂਲ ਦੇ ਵਾਸ਼ਰੂਮ ਵਿਚ ਰੋਂਦੀ ਹੈ।