ਜਲੰਧਰ ਡੈਸਕ (ਐਨ.ਆਰ.ਆਈ ਮੀਡਿਆ) - ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ CISF ਨੇ ਇਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ, ਜੋਕਿ 67 ਸਾਲ ਦਾ ਸੀਨੀਅਰ ਸੀਟੀਜਨ ਬਣਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ। ਦਰਅਸਲ 18 ਜੂਨ ਨੂੰ ਕਰੀਬ 5 ਵੱਜ ਕੇ 20 ਮਿੰਟ ‘ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ਉੱਤੇ ਸੀਆਈਐੱਸਐਫ ਦੇ ਜਵਾਨ ਨੇ ਟਰਮੀਨਲ-3 ਵਜੇ ਚੈੱਕ-ਇੰਨ ਖੇਤਰ ਵਿੱਚ ਇਕ ਯਾਤਰੀ ਨੂੰ ਪੁੱਛਗਿਛ ਲਈ ਰੋਕਿਆ। ਪੁੱਛਗਿੱਛ ਕਰਨ 'ਤੇ ਉਸ ਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ।
ਪਾਸਪੋਰਟ ‘ਚ ਉਸਦੀ ਜਨਮ ਮਿਤੀ 10.02.1957 ਦਰਜ਼ ਸੀ। ਉਸਦਾ ਜਨਮ ਅਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ, ਜਦਕਿ ਮੂਲ ਤੌਰ ‘ਤੇ ਲਖਨਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ। ਉਕਤ ਵਿਅਕਤੀ ਰਾਤ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ। ਦੱਸ ਦਈਏ ਕਿ ਸੀਆਈਐੱਸਐੱਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ। ਉਸ ਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ। ਨੇੜਿਓਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸ ਨੇ ਬੁੱਢਾ ਦਿਖਣ ਲਈ ਐਨਕਾਂ ਵੀ ਲਗਾਈਆਂ ਹੋਈਆਂ ਸਨ।