ਚੰਡੀਗੜ੍ਹ (ਸਰਬ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ ਬਿਕਰਮ ਮਜੀਠੀਆ ਨੇ ਹਾਈਕੋਰਟ ਵਿਚ SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵੱਲੋਂ ਭੇਜੇ ਸੰਮਨਾਂ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ਵਿਚ ਸੁਣਵਾਈ ਦੌਰਾਨ ਹਾਈਕੋਰਟ ਨੇ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ 8 ਜੁਲਾਈ ਤੱਕ ਸਿੱਟ ਸਾਹਮਣੇ ਪੇਸ਼ ਨਾ ਹੋਣ ਤੋਂ ਛੋਟ ਦਿੱਤੀ ਹੈ। ਦਰਅਸਲ ਸਾਬਕਾ ਚੰਨੀ ਸਰਕਾਰ ਸਮੇਂ ਬਿਕਰਮ ਮਜੀਠੀਆ ’ਤੇ NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਜੀਠੀਆ ਕਈ ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਉਹ ਜ਼ਮਾਨਤ ’ਤੇ ਬਾਹਰ ਹਨ।
ਇਸ ਕੇਸ ਦੀ ਜਾਂਚ ਕਰ ਰਹੀ SIT ਪਹਿਲਾਂ ਵੀ ਕਈ ਵਾਰ ਮਜੀਠੀਆ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ 'ਤੇ ਕਾਂਗਰਸ ਸਰਕਾਰ ਦੌਰਾਨ ਦਸੰਬਰ 2021 'ਚ ਮਜੀਠੀਆ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਜੀਠੀਆ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਰਵਰੀ 2022 ਵਿਚ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕਈ ਮਹੀਨੇ ਪਟਿਆਲਾ ਜੇਲ੍ਹ ਵਿਚ ਰਹੇ ਸਨ।