ਵੈੱਬ ਡੈਸਕ (ਰਾਘਵ) : ਸੋਮਵਾਰ ਸਵੇਰੇ ਕੰਚਨਜੰਗਾ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਗੱਡੀ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਿਕ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਨਿਊ ਜਲਪਾਈਗੁੜੀ ਤੋਂ ਕੋਲਕਾਤਾ ਜਾਂਦੇ ਸਮੇਂ ਸਿਲੀਗੁੜੀ ਨਾਲ ਲੱਗਦੇ ਫਾਂਸੀਦੇਵਾ ਬਲਾਕ ਦੇ ਘੋਸ਼ਪੁਕੁਰ ਇਲਾਕੇ 'ਚ ਵਾਪਰਿਆ।
ਕੰਚਨਜੰਗਾ ਰੇਲਗੱਡੀ ਉਸੇ ਟ੍ਰੈਕ 'ਤੇ ਪਿੱਛੇ ਤੋਂ ਟਕਰਾ ਗਈ ਸੀ। ਮੁੱਢਲੀ ਜਾਣਕਾਰੀ ਅਨੁਸਾਰ ਮਾਲ ਗੱਡੀ ਦੇ ਡਰਾਈਵਰ ਨੇ ਸਿਗਨਲ ਨੂੰ ਅਣਗੌਲਿਆ ਕਰ ਦਿੱਤਾ। ਦੱਸ ਦਈਏ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਘਟਨਾ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਟਿੱਪਣੀ ਦਾ ਜਵਾਬ ਨਹੀਂ ਦੇਣਗੇ ਅਤੇ ਨਾ ਹੀ ਇਹ ਸਿਆਸਤ ਕਰਨ ਦਾ ਸਮਾਂ ਹੈ। ਵੈਸ਼ਨਵ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਵਿੱਚ ਰੇਲ ਹਾਦਸੇ ਵਿੱਚ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ PMNRF ਤੋਂ 2 ਲੱਖ ਰੁਪਏ ਅਤੇ ਹਰੇਕ ਜ਼ਖਮੀ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।
ਪੱਛਮੀ ਬੰਗਾਲ ਰੇਲ ਹਾਦਸੇ 'ਤੇ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪੀੜਤਾਂ ਨੂੰ ਵਧੀ ਹੋਈ ਐਕਸ-ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ - ਮੌਤ ਦੇ ਮਾਮਲੇ 'ਚ 10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਲਈ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 50,000 ਰੁਪਏ। ਓਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਮੁਲਾਜ਼ਮਾਂ ’ਤੇ ਕਾਫੀ ਦਬਾਅ ਹੈ ਅਤੇ ਸਰਕਾਰ ਸਿਰਫ਼ ਚੋਣਾਂ ’ਚ ਹੀ ਰੁੱਝੀ ਹੋਈ ਹੈ।