ਡਿਬਰੂਗੜ੍ਹ (ਸਰਬ): ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਜਿੱਤ ਦਰਜ ਕਰਨ ਵਾਲੇ ਜੇਲ੍ਹ ’ਚ ਬੰਦ ‘ਵਾਰਿਸ ਪੰਜਾਬ ਦੇ’ ਕਾਰਕੁਨ ਅੰਮ੍ਰਿਤਪਾਲ ਸਿੰਘ ਦੇ ਮਾਪੇ ਸਨਿਚਰਵਾਰ ਨੂੰ ਅਪਣੇ ਬੇਟੇ ਨੂੰ ਮਿਲਣ ਲਈ ਡਿਬਰੂਗੜ੍ਹ ਗਏ।
ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੂੰ ਲੈਣ ਲਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਹਵਾਈ ਅੱਡੇ ’ਤੇ ਪਹੁੰਚੀ। ਕਿਰਨਦੀਪ 5 ਜੂਨ ਤੋਂ ਹੀ ਇੱਥੇ ਹੈ। ਅੰਮ੍ਰਿਤਪਾਲ ਦੇ ਮਾਪੇ ਅਪਣੇ ਬੇਟੇ ਨੂੰ ਮਿਲਣ ਲਈ ਡਿਬਰੂਗੜ੍ਹ ਕੇਂਦਰੀ ਜੇਲ੍ਹ ਪਹੁੰਚੇ, ਜੋ ਮਾਰਚ 2023 ਤੋਂ ਇੱਥੇ ਬੰਦ ਹੈ।
ਉਨ੍ਹਾਂ ਦੇ ਪਿਤਾ ਨੇ ਕਿਹਾ, ‘‘ਅਸੀਂ ਬਹੁਤ ਖੁਸ਼ ਹਾਂ ਕਿ ਸਾਡਾ ਬੇਟਾ ਚੋਣ ਜਿੱਤ ਗਿਆ ਹੈ। ਅਸੀਂ ਉਸ ਨੂੰ ਮਿਲਣ ਆਏ ਹਾਂ ਤਾਂ ਜੋ ਉਹ ਵੀ ਖੁਸ਼ ਹੋਵੇ ਕਿ ਲੋਕਾਂ ਨੇ ਉਸ ਨੂੰ ਪਿਆਰ ਕੀਤਾ ਅਤੇ ਇੰਨੇ ਵੱਡੇ ਫਰਕ ਨਾਲ ਜਿਤਾਇਆ।’’ ਤਰਸੇਮ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਚੋਣ ’ਚ ਜਿੱਤ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਅਤੇ ਅਪਣੇ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਦੇਸ਼ ਬਾਰੇ ਪੁੱਛਣਗੇ। ਅਮ੍ਰਿਤਪਾਲ ਸਿੰਘ ਦੀ ਮਾਂ ਨੂੰ ਜੇਲ ਸਟਾਫ ਨੂੰ ਮਠਿਆਈਆਂ ਵੰਡਦੇ ਹੋਏ ਵੇਖਿਆ ਗਿਆ ਸੀ।
ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਅਪਣੇ ਬੇਟੇ ਲਈ ਨਵੇਂ ਕਪੜੇ ਅਤੇ ਜੁੱਤੀਆਂ ਲੈ ਕੇ ਆਈ ਹੈ, ਜਿਸ ਦੀ ਉਸ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਸਮੇਂ ਲੋੜ ਹੋਵੇਗੀ। ਅੰਮ੍ਰਿਤਪਾਲ ਸਿੰਘ ਦੀ ਪਤਨੀ ਦੇ ਨਾਲ ਐਡਵੋਕੇਟ ਅਤੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਵੀ ਸਨ। ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਾਨੂੰਨੀ ਕਦਮ ਚੁਕੇ ਜਾ ਰਹੇ ਹਨ।
ਅੰਮ੍ਰਿਤਪਾਲ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਨਾਲ ਹਰਾਇਆ। ਅੰਮ੍ਰਿਤਪਾਲ ਨੂੰ 4,04,430 ਵੋਟਾਂ ਮਿਲੀਆਂ ਜਦਕਿ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ।