ਮਲੇਰਕੋਟਲਾ (ਰਾਘਵ) : ਪੰਜਾਬ ਦੇ ਮਲੇਰਕੋਟਲਾ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਕਿਰਾਏ 'ਤੇ ਰਹਿ ਰਹੀ ਮਹਿਲਾ ਡਾਕਟਰ ਦੀ ਲਾਸ਼ ਇਕ ਬੰਦ ਕਮਰੇ 'ਚੋਂ ਭੇਤਭਰੀ ਹਾਲਤ 'ਚ ਮਿਲੀ ਹੈ। ਜਿਸ ਕਮਰੇ 'ਚ ਔਰਤ ਦੀ ਲਾਸ਼ ਪਈ ਸੀ, ਉਥੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਵੀ ਮਿਲੀਆਂ, ਜਿਨ੍ਹਾਂ ਦੀ ਹਾਲਤ ਖਰਾਬ ਸੀ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸਨਸਨੀ ਫੈਲ ਗਈ ਹੈ।
ਪੁਲਸ ਜਾਣਕਾਰੀ ਅਨੁਸਾਰ ਮਹਿਲਾ ਡਾਕਟਰ ਦਾ ਨਾਂ ਚੰਦਰਮ ਚੌਧਰੀ ਹੈ, ਜੋ ਕਿ ਆਪਣੀਆਂ 3 ਅਤੇ 5 ਸਾਲ ਦੀਆਂ ਦੋ ਬੇਟੀਆਂ ਨਾਲ ਸ਼ਹਿਰ ਦੇ ਕੋਟੀ ਰੋਡ 'ਤੇ ਨੂਰ ਬਸਤੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੀ ਸੀ ਅਤੇ ਖਾਣ-ਪੀਣ ਦਾ ਸਾਮਾਨ ਆਨਲਾਈਨ ਆਰਡਰ ਕਰਦੀ ਸੀ, ਪਰ ਲਗਾਤਾਰ 3 ਦਿਨਾਂ ਤੋਂ ਡਿਲੀਵਰੀ ਕਰਨ ਵਾਲੇ ਲੋਕ ਗੇਟ ਤੋਂ ਹੀ ਵਾਪਸ ਮੁੜ ਰਹੇ ਸਨ।
ਪੁਲੀਸ ਅਧਿਕਾਰੀ ਡੀਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਔਰਤ ਡਾਕਟਰ ਚੰਦਰਮ ਚੌਧਰੀ ਮਨੋਵਿਗਿਆਨੀ ਸੀ ਅਤੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਇਲਾਕਾ ਵਾਸੀਆਂ ਅਨੁਸਾਰ ਡਾਕਟਰ ਚੰਦਰਮਾ ਚੌਧਰੀ ਜਿਸ ਦੀਆਂ ਦੋ ਛੋਟੀਆਂ ਬੇਟੀਆਂ ਹਨ, ਪਿਛਲੇ ਤਿੰਨ ਦਿਨਾਂ ਤੋਂ ਬੰਦ ਕਮਰੇ ਵਿੱਚੋਂ ਬਾਹਰ ਨਹੀਂ ਆਈਆਂ। ਅੱਜ ਕਮਰੇ ’ਚੋਂ ਬਦਬੂ ਆਉਣ ’ਤੇ ਮੁੱਹਲੇ ਵਾਸੀਆਂ ਨੇ ਕੌਂਸਲਰ ਨੂੰ ਫੋਨ ਕਰਕੇ ਸੂਚਨਾ ਦਿੱਤੀ। ਜਦੋਂ ਕੌਂਸਲਰ ਨੇ ਪੁਲੀਸ ਨੂੰ ਬੁਲਾ ਕੇ ਕਮਰੇ ਦੀ ਭੰਨ-ਤੋੜ ਕੀਤੀ ਤਾਂ ਅੰਦਰ ਮਹਿਲਾ ਡਾਕਟਰ ਦੀ ਫੁੱਲੀ ਹੋਈ ਲਾਸ਼ ਮਿਲੀ ਅਤੇ ਦੋਵੇਂ ਲੜਕੀਆਂ ਵੀ ਬੁਰੀ ਹਾਲਤ ਵਿੱਚ ਸਨ।