ਪੰਜਾਬ ਵਿੱਚ 13 ਲੋਕ ਸੀਟਾਂ ’ਤੇ ਕੁੱਲ 61.32 ਫ਼ੀਸਦ ਵੋਟਿੰਗ ਦਰਜ

by nripost

ਚੰਡੀਗ੍ਹੜ (ਨੇਹਾ): ਲੋਕ ਸਭਾ ਚੋਣਾਂ ਦੇ ਆਖਰੀ ਗੇੜ ’ਚ ਪੰਜਾਬ ਵਿਚ 13 ਲੋਕ ਸੀਟਾਂ ’ਤੇ ਕੁੱਲ 328 ਉਮੀਦਵਾਰਾਂ ਲਈ 61.32 ਫ਼ੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪੰਜਾਬ ਵਿਚ ਵੋਟਾਂ ਪਾਉਣ ਦਾ ਅਮਲ ਮਾਮੂਲੀ ਘਟਨਾਵਾਂ ਦਰਮਿਆਨ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੂਬੇ ਦੇ 24,451 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਚੱਲਿਆ। ਉਂਜ ਪੰਜਾਬ ’ਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ ਹੈ।

ਦੁਪਹਿਰ ਵੇਲੇ ਪੋਲਿੰਗ ਥੋੜੀ ਸੁਸਤ ਹੋ ਗਈ ਸੀ ਅਤੇ ਫਿਰ ਸ਼ਾਮ ਸਮੇਂ ਲੋਕ ਘਰਾਂ ’ਚੋਂ ਬਾਹਰ ਨਿਕਲੇ। ਖ਼ਾਸ ਕਰਕੇ ਸ਼ਹਿਰੀ ਖੇਤਰਾਂ ’ਚ ਪੋਲਿੰਗ ਲਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ। ਮਤਦਾਨ ਦੇ ਪਹਿਲੇ ਦੋ ਘੰਟਿਆਂ ਦੌਰਾਨ 9 ਵਜੇ ਤੱਕ 9.64 ਫ਼ੀਸਦੀ ਪੋਲਿੰਗ ਹੋਈ ਸੀ ਜਦਕਿ 11 ਵਜੇ ਤੱਕ ਪੋਲਿੰਗ ਵਧ ਕੇ 23.91 ਫ਼ੀਸਦੀ ਹੋ ਗਈ। ਦੁਪਹਿਰ ਇੱਕ ਵਜੇ ਮਤਦਾਨ ਦਰ 37.80 ਫ਼ੀਸਦੀ ਹੋ ਗਈ ਸੀ ਅਤੇ ਤਿੰਨ ਵਜੇ ਤੱਕ 46.38 ਫ਼ੀਸਦੀ ਵੋਟਾਂ ਪਈਆਂ। ਸ਼ਾਮ ਪੰਜ ਵਜੇ ਤੱਕ 55.20 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ।

ਮਾਲਵਾ ਖ਼ਿੱਤੇ ਦੇ 4 ਜ਼ਿਲ੍ਹਿਆਂ ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ ਅਤੇ ਪਟਿਆਲਾ ਤੋਂ ਇਲਾਵਾ ਮਾਝੇ ਦੇ ਗੁਰਦਾਸਪੁਰ ਹਲਕੇ ਵਿਚ ਵੋਟ ਫ਼ੀਸਦ ਕਾਫ਼ੀ ਉੱਚੀ ਰਹੀ। ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ ਵੋਟਿੰਗ ਦਰ ਘੱਟ ਰਹੀ। ਪੰਜ ਕੈਬਨਿਟ ਮੰਤਰੀਆਂ, ਸੱਤ ਵਿਧਾਇਕਾਂ, ਅੱਠ ਮੌਜੂਦਾ ਸੰਸਦ ਮੈਂਬਰਾਂ ਤੋਂ ਇਲਾਵਾ 21 ਸਾਬਕਾ ਵਿਧਾਇਕਾਂ/ਸਾਬਕਾ ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ।