ਜਲੰਧਰ (ਰਾਘਵ): ਜਲੰਧਰ ਸ਼ਹਿਰ ਦੇ ਪਠਾਨਕੋਟ ਚੌਕ ਨੇੜੇ ਸ਼ਮਸ਼ਾਨਘਾਟ ਕੋਲ ਇਕ 21 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਮੁਤਾਬਕ, ਪਰਿਵਾਰ ਨੇ ਇਸ ਨੌਜਵਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਇੱਕ ਦਿਨ ਪਹਿਲਾਂ ਹੀ ਦਰਜ ਕਰਵਾਈ ਸੀ।
ਮ੍ਰਿਤਕ ਦੀ ਪਛਾਣ ਕਰਨ ਉਰਫ ਨੰਨੂ ਦੇ ਤੌਰ ਤੇ ਹੋਈ ਹੈ, ਜੋ ਕਿ ਸੰਤੋਖਪੁਰਾ ਦੀ ਗਲੀ ਨੰ.- 1 ਦਾ ਰਹਿਣ ਵਾਲਾ ਸੀ ਅਤੇ ਪੰਕਚਰ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਦੁਕਾਨ ਪਿਛਲੇ ਤਿੰਨ ਦਿਨਾਂ ਤੋਂ ਬੰਦ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫਿਲਹਾਲ ਇਸ ਮਾਮਲੇ ਦੀ ਜਾਂਚ ਰਹੀ ਹੈ ਕਿ ਇਹ ਕਤਲ ਹੈ ਜਾਂ ਕੁਝ ਹੋਰ। ਦੱਸ ਦੇਈਏ ਕਿ ਪੁਲੀਸ ਨੂੰ ਮ੍ਰਿਤਕ ਦੇ ਨੇੜੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ, ਪਰ ਸਰੀਰ 'ਤੇ ਜ਼ਖਮ ਮਿਲੇ ਹਨ ਜੋ ਕਿ ਉਸ ਨਾਲ ਹੋਈ ਤਸ਼ੱਦਦ ਵਲ ਇਸ਼ਾਰਾ ਕਰਦੇ ਹਨ।
ਮ੍ਰਿਤਕ ਦੇ ਪਰਿਵਾਰ ਮੁਤਾਬਕ ਉਸ ਨੇ ਆਈਲੈਟਸ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਜਿਥੇ ਉਸ ਦੀ ਇੱਕ ਭੈਣ ਰਹਿੰਦੀ ਹੈ।ਪਰਿਵਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਆਪਣੇ ਦੋਸਤਾਂ ਰਾਜਾ ਨਾਲ ਘਰੋਂ ਗਿਆ ਸੀ ਅਤੇ ਫਿਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲੀਸ ਨੇ ਮ੍ਰਿਤਕ ਦੇ ਦੋਸਤ ਰਾਜਾ ਦੀ ਭਾਲ ਸ਼ੁਰੂ ਕੀਤੀ ਹੈ ਕਿਉਂਕਿ ਕਰਨ ਨੂੰ ਆਖਰੀ ਵਾਰ ਉਸ ਨਾਲ ਦੇਖਿਆ ਗਿਆ ਸੀ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ, ਜਿਸ ਵਿੱਚ ਓਵਰਡੋਜ਼ ਦੀ ਸੰਭਾਵਨਾ ਵੀ ਸ਼ਾਮਲ ਹੈ।