ਭਾਰਤ-ਚੀਨ ਤਣਾਅ ਦਰਮਿਆਨ ਚੀਨ ਨੇ 18 ਮਹੀਨਿਆਂ ਦੇ ਵਕਫੇ ਤੋਂ ਬਾਅਦ ਭਾਰਤ ‘ਚ ਨਿਯੁਕਤ ਕੀਤਾ ਨਵਾਂ ਰਾਜਦੂਤ

by jagjeetkaur

ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਦਰਮਿਆਨ ਚੀਨ ਭਾਰਤ ਵਿੱਚ ਆਪਣਾ ਰਾਜਦੂਤ ਨਿਯੁਕਤ ਕਰਨ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ 'ਚ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕਾਫੀ ਗਿਰਾਵਟ ਆਈ ਹੈ। ਚੀਨ ਵੱਲੋਂ ਇਹ ਨਿਯੁਕਤੀ 18 ਮਹੀਨਿਆਂ ਬਾਅਦ ਕੀਤੀ ਜਾ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੀਨੀਅਰ ਡਿਪਲੋਮੈਟ ਜ਼ੂ ਫੀਹੋਂਗ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਉਹ ਸੁਨ ਵੇਇਡੋਂਗ ਦੀ ਥਾਂ ਲੈਣਗੇ, ਜੋ ਇਸ ਸਮੇਂ ਚੀਨ ਦੇ ਉਪ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ।

ਫੀਹੋਂਗ ਦੀ ਨਿਯੁਕਤੀ ਨੂੰ ਲੈ ਕੇ ਚੀਨ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਫੀਹੋਂਗ, ਜੋ ਅਫਗਾਨਿਸਤਾਨ ਅਤੇ ਰੋਮਾਨੀਆ ਵਿੱਚ ਚੀਨ ਦੇ ਰਾਜਦੂਤ ਸਨ, ਹੁਣ ਭਾਰਤ ਵਿੱਚ ਦੇਸ਼ ਦੇ ਨਵੇਂ ਰਾਜਦੂਤ ਹੋਣਗੇ।

ਫੀਹੋਂਗ (60) ਦੇ ਛੇਤੀ ਹੀ ਨਵੀਂ ਦਿੱਲੀ ਜਾ ਕੇ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ। ਉਹ ਅਨੁਭਵੀ ਚੀਨੀ ਡਿਪਲੋਮੈਟ ਸਨ ਵੇਇਡੋਂਗ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਅਕਤੂਬਰ 2022 ਵਿੱਚ ਖਤਮ ਹੋ ਰਿਹਾ ਹੈ। ਸਨ ਨੇ ਭਾਰਤ ਵਿਚ ਚੀਨ ਦੇ ਰਾਜਦੂਤ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਪਾਕਿਸਤਾਨ ਵਿਚ ਇਸੇ ਅਹੁਦੇ 'ਤੇ ਕੰਮ ਕੀਤਾ ਸੀ ਅਤੇ ਫਿਲਹਾਲ ਉਹ ਚੀਨ ਦੇ ਉਪ ਵਿਦੇਸ਼ ਮੰਤਰੀ ਹਨ। ਉਹ ਦੱਖਣੀ ਏਸ਼ੀਆ ਨੂੰ ਲੈ ਕੇ ਚੀਨ ਦੀ ਨੀਤੀ 'ਤੇ ਵੀ ਨਜ਼ਰ ਰੱਖ ਰਿਹਾ ਹੈ।