ਜੰਮੂ-ਕਸ਼ਮੀਰ: ਪੁੰਛ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨਾਂ ‘ਤੇ ਕੀਤੀ ਗੋਲੀਬਾਰੀ, ਹਵਾਈ ਫੌਜ ਦੇ 5 ਜਵਾਨ ਜ਼ਖਮੀ
ਪੱਤਰ ਪ੍ਰੇਰਕ : ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਦੀ ਕਾਇਰਤਾ ਭਰੀ ਵਾਰਦਾਤ ਸਾਹਮਣੇ ਆਈ ਹੈ। ਸੁਰਨਕੋਟ ਪਿੰਡ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ 'ਤੇ ਗੋਲੀਬਾਰੀ ਕੀਤੀ। ਇਸ ਘਟਨਾ 'ਚ ਹਵਾਈ ਸੈਨਾ ਦੇ 5 ਜਵਾਨ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਮੁਤਾਬਕ ਸ਼ਾਮ ਨੂੰ ਹੋਏ ਇਸ ਹਮਲੇ 'ਚ ਪੁੰਛ ਦੇ ਸ਼ਸ਼ੀਧਰ ਇਲਾਕੇ 'ਚ ਸੁਰੱਖਿਆ ਬਲਾਂ ਦੇ ਜਿਨ੍ਹਾਂ ਦੋ ਵਾਹਨਾਂ 'ਤੇ ਗੋਲੀਬਾਰੀ ਕੀਤੀ ਗਈ, ਉਨ੍ਹਾਂ 'ਚੋਂ ਇਕ ਹਵਾਈ ਫੌਜ ਦਾ ਸੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ, ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ 'ਚ ਵਾਧੂ ਫੌਜ ਅਤੇ ਪੁਲਸ ਦੇ ਜਵਾਨ ਭੇਜ ਦਿੱਤੇ ਗਏ ਹਨ ਅਤੇ ਅੱਤਵਾਦੀਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਹਵਾਈ ਸੈਨਾ ਨੇ ਕਿਹਾ ਕਿ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਸ਼ਾਹਸਿਤਰ ਨੇੜੇ ਭਾਰਤੀ ਹਵਾਈ ਸੈਨਾ ਦੇ ਵਾਹਨਾਂ ਦੇ ਕਾਫਲੇ 'ਤੇ ਹਮਲਾ ਕੀਤਾ। ਸਥਾਨਕ ਫੌਜੀ ਯੂਨਿਟਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕਾਫਲੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।