ਕੈਨੇਡਾ ‘ਚ ਗੋ ਟਰੇਨ ਦੀ ਛੱਤ ਤੋਂ ਡਿੱਗਣ ਕਾਰਨ 15 ਸਾਲਾ ਲੜਕਾ ਜਖਮੀ

by nripost

ਟੋਰਾਂਟੋ (ਰਾਘਵ)— ਕੈਨੇਡਾ ਦੇ ਟੋਰਾਂਟੋ ਦੇ ਓਨਟਾਰੀਓ ਡੈਨਫੋਰਥ ਗੋ ਸਟੇਸ਼ਨ 'ਤੇ ਐਤਵਾਰ ਸਵੇਰੇ ਚੱਲਦੀ ਹੋਈ ਗੋ ਟਰੇਨ ਦੀ ਛੱਤ ਤੋਂ ਡਿੱਗ ਜਾਣ ਕਾਰਨ ਇੱਕ 15 ਸਾਲਾ ਲੜਕਾ ਹਸਪਤਾਲ ਵਿੱਚ ਜ਼ਿੰਦਗ਼ੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਚਾਰ ਟੀਨੇਜਰਜ਼, ਜਿਨ੍ਹਾਂ ਦੀ ਉਮਰ 14 ਤੇ 16 ਸਾਲਾਂ ਦਰਮਿਆਨ ਸੀ, ਨੇ ਅੱਧੀ ਰਾਤ ਤੋਂ ਪਹਿਲਾਂ ਯੂਨੀਅਨ ਸਟੇਸ਼ਨ ਤੋਂ ਪੂਰਬ ਵੱਲ ਜਾਣ ਵਾਲੀ ਟਰੇਨ ਲਈ। ਜਦੋਂ ਟਰੇਨ ਚੱਲ ਰਹੀ ਸੀ ਤਾਂ ਤਿੰਨ ਟੀਨੇਜਰ ਟਰੇਨ ਦੀ ਛੱਤ ਉੱਤੇ ਚੜ੍ਹ ਗਏ। ਇੱਕ ਥਾਂ ਉੱਤੇ ਡੈਨਫੋਰਥ ਗੋ ਸਟੇਸ਼ਨ ਨੇੜੇ ਇੱਕ 15 ਸਾਲਾ ਲੜਕਾ ਕਿਸੇ ਚੀਜ਼ ਨਾਲ ਟਕਰਾਅ ਜਾਣ ਕਾਰਨ ਟਰੇਨ ਦੀ ਛੱਤ ਤੋਂ ਹੇਠਾਂ ਡਿੱਗ ਗਿਆ। ਪੁਲਿਸ ਦੇ ਸਰੋਤ ਨੇ ਦੱਸਿਆ ਕਿ ਬਾਕੀ ਦੇ ਟੀਨੇਜਰ ਸਿਗਨਲ ਦੀ ਲਾਈਟਾਂ ਤੋਂ ਬਚਦੇ ਬਚਾਉਂਦੇ ਹੇਠਾਂ ਟਰੇਨ ਉੱਤੇ ਪਰਤੇ ਤੇ ਉਨ੍ਹਾਂ 911 ਉੱਤੇ ਕਾਲ ਕੀਤਾ।

ਪੈਰਾਮੈਡਿਕਸ ਵੱਲੋਂ 15 ਸਾਲਾ ਲੜਕੇ ਨੂੰ ਨਾਜੁ਼ਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਉੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿਸੇ ਉੱਤੇ ਚਾਰਜਿਜ਼ ਲਾਏ ਜਾਣਗੇ ਜਾਂ ਨਹੀਂ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।