ਟੋਰਾਂਟੋ (ਸੈਂਡੀ): ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਕਿ ਨਵੇਂ ਬਣੇ ਘਰਾਂ ਨੂੰ ਪਹਿਲੀ ਵਾਰੀ ਖਰੀਦਣ ਵਾਲੇ ਲੋਕਾਂ ਨੂੰ ਮਾਰਗੇਜ ਉੱਤੇ ਕਰਜ਼ਾ ਮੁਕਤੀ ਲਈ 30 ਸਾਲ ਦਾ ਸਮਾਂ ਦਿੱਤਾ ਜਾਵੇਗਾ। ਇਹ ਤਬਦੀਲੀ ਪਹਿਲੀ ਅਗਸਤ ਤੋਂ ਲਾਗੂ ਹੋਵੇਗੀ।
ਕੈਨੇਡਾ ਦੀ ਵਿੱਤ ਮੰਤਰੀ ਫਰੀਲੈਂਡ ਨੇ ਕਿਹਾ ਕਿ ਮੌਜੂਦਾ ਨਿਯਮਾਂ ਅਨੁਸਾਰ ਜੇ ਡਾਊਨਪੇਮੈਂਟ ਘਰ ਦੀ ਕੁੱਲ ਕੀਮਤ ਦਾ 20 ਫੀ ਸਦੀ ਤੋਂ ਵੀ ਘੱਟ ਕੀਤੀ ਜਾਂਦੀ ਹੈ ਤਾਂ ਘਰ ਦੇ ਮਾਲਕ ਨੂੰ ਮਾਰਗੇਜ ਉਤਾਰਨ ਲਈ 25 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ। ਹਾਊਸਿੰਗ ਦੇ ਬਦਲ ਘੱਟ ਹੋਣ ਤੇ ਤੇਜ਼ੀ ਨਾਲ ਵੱਧ ਰਹੇ ਘਰਾਂ ਦੇ ਕਿਰਾਏ ਤੇ ਘਰਾਂ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਯੰਗ ਕੈਨੇਡੀਅਨਜ਼ ਦਾ ਆਪਣਾ ਘਰ ਹੋਣ ਦਾ ਸੁਪਨਾ ਸਾਕਾਰ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ। ਇਸ ਨਾਲ ਆਪਣਾ ਘਰ ਖਰੀਦਣ ਦਾ ਸੁਪਨਾ ਵੇਖਣ ਵਾਲੇ ਕੈਨੇਡੀਅਨਜ਼ ਲਈ ਮਾਰਗੇਜ ਦੀ ਮਹੀਨਾਵਾਰੀ ਕਿਸ਼ਤ ਹੋਰ ਸੁਖਾਲੀ ਹੋ ਜਾਵੇਗੀ।
ਫਰੀਲੈਂਡ ਨੇ ਆਖਿਆ ਕਿ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਉਨ੍ਹਾਂ ਦੇ ਆਰਆਰਐਸਪੀਜ਼ ਵਿੱਚੋਂ ਕਢਵਾਈ ਜਾਣ ਵਾਲੀ ਰਕਮ ਵੀ 35,000 ਡਾਲਰ ਤੋਂ ਵਧਾ ਕੇ 60,000 ਡਾਲਰ ਕੀਤੀ ਜਾਵੇਗੀ। ਇਹ ਫੈਸਲਾ 16 ਅਪਰੈਲ ਤੋਂ ਲਾਗੂ ਹੋਵੇਗਾ, ਜਿਸ ਦਿਨ ਬਜਟ ਪੇਸ਼ ਕੀਤਾ ਜਾਵੇਗਾ।