ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ; SC ਨੇ ਕਿਹਾ “ਕਾਰਵਾਈ ਲਈ ਤਿਆਰ ਰਹੋ”

by jaskamal

ਪੱਤਰ ਪ੍ਰੇਰਕ : ਪਤੰਜਲੀ ਇਸ਼ਤਿਹਾਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਉਹ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਐੱਮਡੀ ਅਚਾਰੀਆ ਬਾਲਕ੍ਰਿਸ਼ਨ ਦੇ ਮੁਆਫ਼ੀ ਹਲਫ਼ਨਾਮੇ ਨੂੰ ਰੱਦ ਕਰਦੀ ਹੈ।

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਕਾਰਵਾਈ ਲਈ ਤਿਆਰ ਰਹੋ।

ਇਸ ਤੋਂ ਪਹਿਲਾਂ 2 ਅਪਰੈਲ ਨੂੰ ਇਸੇ ਬੈਂਚ ‘ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੀ ਤਰਫੋਂ ਮੁਆਫੀ ਮੰਗੀ ਗਈ ਸੀ। ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਝਾੜਿਆ ਸੀ ਅਤੇ ਕਿਹਾ ਸੀ ਕਿ ਇਹ ਮੁਆਫ਼ੀ ਸਿਰਫ਼ ਖਾਨਾਪੂਰਤੀ ਲਈ ਹੈ। ਤੁਹਾਡੇ ਅੰਦਰ ਮੁਆਫ਼ੀ ਦੀ ਭਾਵਨਾ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਇੰਨੇ ਫ਼ਿਰਾਖ਼ ਦਿਲ ਨਹੀਂ ਹੋ ਸਕਦੇ।’

ਦੱਸ ਦਈਏ ਕਿ ਰਾਮਦੇਵ ਨੇ ਇਸ ਮਾਮਲੇ ‘ਚ ਪਹਿਲਾਂ ਹੀ ਮੁਆਫੀ ਮੰਗ ਲਈ ਸੀ ਤੇ ਅਦਾਲਤ ‘ਚ ਕਿਹਾ ਸੀ ਕਿ ਉਹ ਇਨ੍ਹਾਂ ਇਸ਼ਤਿਹਾਰਾਂ ‘ਤੇ ਪਾਬੰਦੀ ਲਾਉਣਗੇ। ਇਸ ਤੋਂ ਬਾਅਦ ਵੀ ਇਹ ਇਸ਼ਤਿਹਾਰ ਜਾਰੀ ਰਹੇ, ਜਿਸ ‘ਤੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਆਫ਼ੀ ਕਾਗਜ਼ ‘ਤੇ ਹੈ। ਤੁਸੀਂ ਉਸ ਤੋਂ ਬਾਅਦ ਚੀਜ਼ਾਂ ਨੂੰ ਜਾਰੀ ਰੱਖਿਆ। ਅਸੀਂ ਹੁਣ ਤੁਹਾਡੀ ਮਾਫੀ ਨੂੰ ਰੱਦ ਕਰਦੇ ਹਾਂ ਤੇ ਅਗਲੀ ਕਾਰਵਾਈ ਲਈ ਤਿਆਰ ਰਹੋ।