ਕੈਨੇਡਾ ਦੇ ਟੋਰਾਂਟੋ ‘ਚ 2 ਘਟਨਾਵਾਂ ‘ਚ 2 ਪੁਲਿਸ ਅਧਿਕਾਰੀ ਜ਼ਖ਼ਮੀ,

by nripost

ਟੋਰਾਂਟੋ (ਸਰਬ): ਕੈਨੇਡਾ ਦੇ ਟੋਰਾਂਟੋ ਵਿਚ ਬੀਤੇ ਦਿਨ 2 ਵੱਖ ਵੱਖ ਘਟਨਾਵਾਂ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਕਾਰ ਚੋਰੀ ਰੋਕਣ ਦੌਰਾਨ ਜ਼ਖ਼ਮੀ ਹੋਇਆ ਜਦਕਿ ਦੂਜੇ ਉੱਤੇ ਹਮਲਾ ਕੀਤੇ ਜਾਣ ਕਾਰਨ ਉਹ ਜ਼ਖ਼ਮੀ ਹੋਇਆ।

ਨੌਰਥ ਯੌਰਕ ਵਿੱਚ ਪੰਜ ਵਿਅਕਤੀਆਂ ਵੱਲੋਂ ਕਾਰ ਚੋਰੀ ਕਰਨ ਦੀ ਕੋਸਿ਼ਸ਼ ਕੀਤੇ ਜਾਣ ਦੀ ਖਬਰ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਯੰਗ ਸਟਰੀਟ ਤੇ ਕਿੰਗਜ਼ਡੇਲ ਐਵਨਿਊ ਉੱਤੇ ਰਾਤੀਂ ੧੦ ਵਜੇ ਸੱਦਿਆ ਗਿਆ। ਗ੍ਰਿਫਤਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਗਰੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਤਿੰਨ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਇਸ ਘਟਨਾ ਤੋਂ ਅੰਦਾਜ਼ਨ ਇੱਕ ਘੰਟੇ ਬਾਅਦ ਬੁਲਾਰੇ ਨੇ ਦੱਸਿਆ ਕਿ ਇੱਕ ਵਰਦੀਧਾਰੀ ਪੁਲਿਸ ਅਧਿਕਾਰੀ ਡੰਕਨ ਸਟਰੀਟ ਤੇ ਕੁਈਨ ਸਟਰੀਟ ਵੈਸਟ ਇਲਾਕੇ ਵਿੱਚ ਪੁਲਿਸ ਸਟੇਸ਼ਨ ਵੱਲ ਤੁਰਿਆ ਜਾ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਉਸ ਉੱਤੇ ਹਮਲਾ ਕਰ ਦਿੱਤਾ। ਇੱਕ ਚਸ਼ਮਦੀਦ ਨੇ ਦਖਲ ਦੇ ਕੇ ਹਮਲਾਵਰ ਨੂੰ ਰੋਕਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ। ਪੁਲਿਸ ਅਧਿਕਾਰੀ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਵਿਅਕਤੀ ਵੱਲੋਂ ਪੁਲਿਸ ਅਧਿਕਾਰੀ ਉੱਤੇ ਹਮਲਾ ਕਿਉਂ ਕੀਤਾ ਗਿਆ।