ਬਰੈਂਪਟਨ (ਸਰਬ)- ਟੋਰਾਂਟੋ ਪੁਲਿਸ ਸਰਵਿਸ (ਟੀਪੀਐਸ) ਦੇ ਇੱਕ ਕਾਂਸਟੇਬਲ ਨੂੰ ਉਸ ਸਮੇਂ ਚਾਰਜ ਕੀਤਾ ਗਿਆ ਜਦੋਂ ਉਸ ਦੀ ਗੰਨ ਕਥਿਤ ਤੌਰ ਉੱਤੇ ਬਰੈਂਪਟਨ ਦੇ ਉਸ ਕ੍ਰਾਈਮ ਸੀਨ ਤੋਂ ਬਰਾਮਦ ਹੋਈ ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ।
ਇਕ ਨਿਊਜ਼ ਰਲੀਜ਼ ਵਿੱਚ ਟੀਪੀਐਸ ਨੇ ਆਖਿਆ ਕਿ ਪੀਲ ਰੀਜਨਲ ਪੁਲਿਸ (ਪੀਆਰਪੀ) ਵੱਲੋਂ 9 ਦਸੰਬਰ, 2023 ਨੂੰ ਰੁਦਰਫੋਰਡ ਰੋਡ ਸਾਊਥ ਤੇ ਕਲਾਰਕ ਬੁਲੇਵਾਰਡ ਨੇੜੇ ਇੱਕ ਕਾਰੋਬਾਰੀ ਅਦਾਰੇ ਨਾਲ ਵਾਪਰੀ ਘਟਨਾ ਦੀ ਕੀਤੀ ਜਾ ਰਹੀ ਜਾਂਚ ਤੋਂ ਇਹ ਚਾਰਜਿਜ਼ ਸਾਹਮਣੇ ਆਏ ਹਨ। ਪੀਆਰਪੀ ਅਨੁਸਾਰ ਦੋ ਮਸ਼ਕੂਕ ਇਲਾਕੇ ਵਿੱਚ ਆਏ ਤੇ ਇੱਕ ਨੇ ਹਥਿਆਰ ਕੱਢ ਕੇ ਕਾਰੋਬਾਰੀ ਅਦਾਰੇ ਉੱਤੇ ਕਈ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਕੁੱਝ ਸਮੇਂ ਬਾਅਦ ਹੀ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਉੱਥੋਂ ਦੋ ਹਥਿਆਰ, ਇੱਕ ਭਰਿਆ ਹੋਇਆ ਮੈਗਜ਼ੀਨ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਹੋਏ। ਬੀਸੀ ਨਾਲ ਸਬੰਧਤ 23 ਸਾਲਾਂ ਦੇ ਮਸ਼ਕੂਕ ਨੂੰ ਕਈ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ ਤੇ ਪੀਆਰਪੀ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੂਜਾ ਮਸ਼ਕੂਕ ਫਰਾਰ ਹੈ ਤੇ ਦੇਸ਼ ਛੱਡ ਕੇ ਵੀ ਚਲਾ ਗਿਆ ਹੋ ਸਕਦਾ ਹੈ।
ਟੀਪੀਐਸ ਨੇ ਦੋਸ਼ ਲਾਇਆ ਕਿ ਜਾਂਚ ਦੌਰਾਨ ਪੀਆਰਪੀ ਨੇ ਪਾਇਆ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿੱਚੋਂ ਇੱਕ 51 ਸਾਲਾ ਕਾਂਸਟੇਬਲ ਫਰੈਡਰਿੱਕ ਟੀਟੈਰੋ ਨਾਲ ਸਬੰਧਤ ਸੀ। ਇਸ ਹਥਿਆਰ ਦੇ ਕਦੇ ਵੀ ਚੋਰੀ ਹੋਣ ਜਾਂ ਗਾਇਬ ਹੋਣ ਬਾਰੇ ਕੋਈ ਰਿਪੋਰਟ ਨਹੀਂ ਲਿਖਵਾਈ ਗਈ। ਹੈਮਿਲਟਨ ਸਥਿਤ ਇਸ ਪੁਲਿਸ ਅਧਿਕਾਰੀ ਦੇ ਘਰ ਦੀ ਤਲਾਸ਼ੀ ਲੈਣ ਲਈ ਸਰਚ ਵਾਰੰਟ ਕਢਵਾਇਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਘਰ ਵਿੱਚੋਂ ਲੋੜੋਂ ਵੱਧ ਭਰੇ ਮੈਗਜ਼ੀਨ ਤੇ ਵੀਹ ਰਜਿਸਟਰਡ ਹਥਿਆਰ ਬਰਾਮਦ ਹੋਏ ਜਿਨ੍ਹਾਂ ਨੂੰ ਬੜੀ ਲਾਪਰਵਾਹੀ ਨਾਲ ਰੱਖਿਆ ਗਿਆ ਸੀ।
ਟੀਪੀਐਸ ਨੇ ਐਲਾਨ ਕੀਤਾ ਕਿ ਟੀਟੈਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਕਈ ਚਾਰਜਿਜ਼ ਵੀ ਲਾਏ ਗਏ ਹਨ। ਉਹ ਪਿਛਲੇ 21 ਸਾਲਾਂ ਤੋਂ ਪੁਲਿਸ ਨਾਲ ਕੰਮ ਕਰ ਰਿਹਾ ਸੀ ਤੇ ਇਸ ਸਮੇਂ 14ਵੀਂ ਡਵੀਜ਼ਨ ਵਿੱਚ ਪੋਸਟਿਡ ਸੀ। ਉਸ ਨੂੰ ਪੁਲਿਸ ਸਰਵਿਸ ਐਕਟ ਤਹਿਤ ਤਨਖਾਹ ਸਮੇਤ ਸਸਪੈਂਡ ਕੀਤਾ ਗਿਆ ਹੈ।