ਹੋਲੇ-ਮਹੱਲੇ ‘ਤੇ ਜਾ ਰਹੇ ਟਰੈਕਟਰ ਨੇ ਲੋਕਾਂ ਨੂੰ ਕੁਚਲਿਆ, ਮੌਕੇ ‘ਤੇ ਮਚਿਆ ਹੜਕੰਪ

by jaskamal

ਪੱਤਰ ਪ੍ਰੇਰਕ : ਪਿੰਡ ਖੁਰਸੈਦਪੁਰਾ 'ਚ ਸੰਗਤ ਨੂੰ ਹੋਲੇ-ਮਹੱਲੇ 'ਚ ਲਿਜਾ ਰਹੇ ਇਕ ਟਰੈਕਟਰ-ਟਰਾਲੀ ਚਾਲਕ ਨੇ ਸੜਕ 'ਤੇ ਪੈਦਲ ਜਾ ਰਹੀਆਂ ਦੋ ਲੜਕੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਲੈ ਕੇ ਪਿੰਡ ਖੁਰਸ਼ੈਦਪੁਰਾ ਨੂੰ ਜਾ ਰਹੀ ਸੀ ਤਾਂ ਟਰੈਕਟਰ ਦੀ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ 2 ਲੜਕੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਲਕ (10) ਵਾਸੀ ਖੁਰਸ਼ੇਦਪੁਰਾ ਦੀ ਮੌਤ ਹੋ ਗਈ ਅਤੇ ਅਰਸ਼ਦੀਪ ਕੌਰ (11) ਵਾਸੀ ਖੁਰਸ਼ੀਦਪੁਰਾ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਲਿਆਂਦਾ ਗਿਆ ਅਤੇ ਹਾਲਤ ਨੂੰ ਦੇਖਦੇ ਹੋਏ ਅਗਲੇਰੀ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

ਲੜਕੀਆਂ ਦੇ ਉਪਰੋਂ ਟਰੈਕਟਰ ਭੱਜਣ ਤੋਂ ਬਾਅਦ ਤੇਜ਼ ਰਫਤਾਰ ਟਰੈਕਟਰ ਟਰਾਲੀ ਸੜਕ 'ਤੇ ਪਲਟ ਗਈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਅਤੇ ਉਸਦੇ ਸਾਰੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਏ.ਐਸ.ਆਈ. ਨਸੀਬ ਚੰਦ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਜਗਰਾਉਂ ਦੇ ਮੁਰਦਾਘਰ 'ਚ ਰਖਵਾਇਆ। ਏ.ਐਸ.ਆਈ ਨਸੀਬ ਚੰਦ ਨੇ ਦੱਸਿਆ ਕਿ ਪੁਲੀਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।