ਪੱਤਰ ਪ੍ਰੇਰਕ : ਪਿਛਲੇ ਦਿਨੀਂ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਵੀ ਕਈ ਬਿਆਨ ਮਾਮਲੇ 'ਚ ਸਾਹਮਣੇ ਆਏ ਸੀ ਤੇ ਹੁਣ ਅਦਾਕਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਵੱਲੋਂ ਆਪਣਾ ਸੁਰੱਖਿਆ ਦਸਤਾ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਸੰਤੋਖ ਗਿੱਲ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਹਨ।
ਇਸ ਸਬੰਧੀ ਗੱਲਬਾਤ ਦੌਰਾਨ ਸੰਤੋਖ ਗਿੱਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣਾ ਸੁਰੱਖਿਆ ਦਸਤਾ ਬੀਤੇ ਕੱਲ੍ਹ ਛੱਡ ਦਿੱਤਾ ਗਿਆ ਸੀ ਜੋ ਕਿ ਘਰ ਦੇ ਬਾਹਰ ਖੜਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਲਿਖ ਰਹੇ ਸਨ ਕਿ ਇਹ ਸਭ ਕੁਝ ਮੈਂ ਸੁਰੱਖਿਆ ਲੈਣ ਦੇ ਲਈ ਕਰ ਰਿਹਾ ਹਾਂ ਜਦਕਿ ਮੇਰੇ ਕੋਲ 2019 ਤੋਂ ਸੁਰੱਖਿਆ ਦਸਤਾ ਮੌਜੂਦ ਹੈ।
ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ, ਜਦੋਂ ਤੱਕ ਪੁਲਿਸ ਅਧਿਕਾਰੀ ਇਸ ਸਾਰੇ ਮਾਮਲੇ ਦੇ ਵਿੱਚ ਇਹ ਨਹੀਂ ਦੱਸਦੇ ਕਿ ਉਹਨਾਂ ਵੱਲੋਂ ਕਿੱਥੇ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਜਲਦ ਹੀ ਸੰਗਠਨਾਂ ਦੇ ਵੱਲੋਂ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਜਾਵੇਗਾ।
ਉਧਰ ਸੁਰੱਖਿਆ ਅਮਲੇ ਦਾ ਕਹਿਣਾ ਹੈ ਕਿ ਬੇਸ਼ੱਕ ਸੰਤੋਖ ਗਿੱਲ ਵੱਲੋਂ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੱਤਾ ਗਿਆ ਹੈ, ਪਰ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਦਾ ਹੁਕਮ ਹੈ ਕੀ ਉਹ ਘਰ ਦੇ ਬਾਹਰ ਹੀ ਮੌਜੂਦ ਰਹਿਣਗੇ। ਜਦੋਂ ਤੱਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੁਰੱਖਿਆ ਛੱਡਣ ਲਈ ਨਹੀਂ ਕਿਹਾ ਜਾਂਦਾ, ਉਦੋਂ ਤੱਕ ਉਹ ਘਰ ਦੇ ਬਾਹਰ ਖੜੇ ਹੋ ਕੇ ਡਿਊਟੀ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸੰਤੋਖ ਗਿੱਲ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਗੇ ਤਾਂ ਉਹ ਉਹਨਾਂ ਨੂੰ ਕਿਤੇ ਵੀ ਨਹੀਂ ਜਾਣ ਦੇਣਗੇ, ਜਿਸ ਦੀ ਸੂਚਨਾ ਤੁਰੰਤ ਆਲਾ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।