ਪੱਤਰ ਪ੍ਰੇਰਕ : ਹੁਸ਼ਿਆਰਪੁਰ ਵਿਖੇ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਵਲੋਂ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਿਕ ਮੁਲਜ਼ਮ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਦਾ ਬੀਤੀ ਦੇਰ ਰਾਤ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।
ਇਸ ਉਪਰੰਤ ਮੁਲਜ਼ਮ ਵੱਲੋਂ ਰਾਤ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ਉੱਤੇ ਕਿਹਾ ਗਿਆ ਕਿ ਸਾਡੇ ਘਰ ਬੰਦੇ ਲੁੱਟ ਲਈ ਵੜ ਗਏ ਹਨ। ਸਰਪੰਚ ਵੱਲੋਂ ਤਰੁੰਤ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਸਰਪੰਚ ਨਾਲ ਮੌਕੇ ਉੱਤੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਅਤੇ ਬਾਹਰਲੇ ਪਾਸੇ ਵਾਲਾ ਘਰ ਦਾ ਗੇਟ ਲੱਗਾ ਹੋਇਆ ਸੀ।
ਪੁਲਿਸ ਮੁਤਾਬਿਕ ਮੁਲਜ਼ਮ ਭਰਾ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਭਰਾ ਨਸ਼ੇ ਦਾ ਆਦੀ ਸੀ ਅਤੇ ਵੱਡੇ ਭਰਾ ਤੋਂ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਰਹਿੰਦਾ ਸੀ। ਵੱਡੇ ਭਰਾ ਨੇ ਜਦੋਂ ਪੈਸੇ ਦੇੇਣ ਤੋਂ ਇਨਕਾਰ ਕਰ ਦਿੱਤਾ ਤਾਂ ਛੋਟੇ ਨੇ ਤੈਸ਼ ਵਿੱਚ ਆਕੇ ਰਾਤ ਨੂੰ ਸੁੱਤੇ ਪਏ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ।