ਪੱਤਰ ਪ੍ਰੇਰਕ : ਦੇਸ਼ ਵਿੱਚ ਨਾਗਰਿਕਤਾ ਕਾਨੂੰਨ CAA ਲਾਗੂ ਹੋਣ ਤੋਂ ਬਾਅਦ ਮੁਸਲਿਮ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸਲਾਮਿਕ ਸੈਂਟਰ ਆਫ ਇੰਡੀਆ ਦੇ ਪ੍ਰਧਾਨ ਮੌਲਾਨਾ ਖਾਲਿਦ ਰਾਸ਼ਿਦ ਫਰੰਗੀ ਮਹਾਲੀ ਨੇ CAA ਦੇ ਲਾਗੂ ਹੋਣ 'ਤੇ ਕਿਹਾ, "ਅਸੀਂ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕਰਨਾ ਚਾਹੁੰਦੇ ਹਾਂ। ਸਾਡੀ ਕਾਨੂੰਨੀ ਟੀਮ ਇਸ ਦੀ ਜਾਂਚ ਕਰੇਗੀ ਅਤੇ ਅਗਲੇ ਫੈਸਲੇ ਲਏ ਜਾਣਗੇ।"
ਇਸ ਤੋਂ ਪਹਿਲਾਂ ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਸੀ ਕਿ ਉਹ ਕੇਰਲ ਵਿੱਚ CAA ਲਾਗੂ ਨਹੀਂ ਹੋਣ ਦੇਣਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਨਾਗਰਿਕਤਾ (ਸੋਧ) ਕਾਨੂੰਨ (CAA) ਲੋਕਾਂ ਦੇ ਸਮੂਹਾਂ ਨਾਲ ਵਿਤਕਰਾ ਕਰਦਾ ਹੈ, ਤਾਂ ਉਹ ਇਸਦਾ ਵਿਰੋਧ ਕਰੇਗੀ।
ਪੱਛਮੀ ਬੰਗਾਲ ਅਤੇ ਉੱਤਰ-ਪੂਰਬ ਲਈ ਸੀਏਏ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸ਼ਾਂਤੀ ਨਹੀਂ ਚਾਹੁੰਦੀ। ਬੈਨਰਜੀ ਨੇ ਕਿਹਾ 'ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਲੋਕਾਂ ਨਾਲ ਵਿਤਕਰਾ ਕਰਨ ਵਾਲੀ ਕਿਸੇ ਵੀ ਚੀਜ਼ ਦਾ ਅਸੀਂ ਵਿਰੋਧ ਕਰਾਂਗੇ। ਉਨ੍ਹਾਂ (ਕੇਂਦਰ) ਨੂੰ ਨਿਯਮਾਂ ਦੇ ਨਾਲ ਆਉਣ ਦਿਓ, ਫਿਰ ਅਸੀਂ ਨਿਯਮਾਂ ਨੂੰ ਪੜ੍ਹ ਕੇ ਇਸ ਮੁੱਦੇ 'ਤੇ ਗੱਲ ਕਰਾਂਗੇ।'
ਕਾਂਗਰਸ ਨੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਅਤੇ ਖਾਸ ਕਰਕੇ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਚੋਣ ਬਾਂਡ 'ਤੇ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੇ 'ਹੈੱਡਲਾਈਨ ਨੂੰ ਸੰਭਾਲਣ' ਦੀ ਕੋਸ਼ਿਸ਼ ਕੀਤੀ ਹੈ।