ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥ ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥ ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥ ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
ਪੰਜਾਬੀ ਵਿਆਖਿਆ: ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ । ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ।੧।ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ । (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ।੧।ਰਹਾਉ।ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ । ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ । (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ।੨।(ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ । ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ ।੩।ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ) । ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ । ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ।੪।੫।੭।