Mohali Encounter: ਪੰਜਾਬ ‘ਚ ਇੱਕ ਵਾਰ ਫਿਰ ਐਨਕਾਊਂਟਰ, 3 ਜ਼ਖ਼ਮੀ

by jaskamal

ਪੱਤਰ ਪ੍ਰੇਰਕ : ਇਸ ਸਮੇਂ ਦੀ ਵੱਡੀ ਖਬਰ ਮੋਹਾਲੀ ਤੋਂ ਐਨਕਾਊਂਟਰ ਨੂੰ ਲੈ ਕੇ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਖਿਜ਼ਰਾਬਾਦ, ਮੁੱਲਾਂਪੁਰ 'ਚ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੇ ਸਪੈਸ਼ਲ ਸੈੱਲ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ। ਜਦੋਂ ਪੁਲਸ ਨੇ ਦੋਸ਼ੀਆਂ ਨੂੰ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਤਿੰਨਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਲੱਤਾਂ ਅਤੇ ਹੱਥਾਂ 'ਤੇ ਗੋਲੀ ਚਲਾ ਦਿੱਤੀ। ਫਿਲਹਾਲ ਪੁਲਸ ਨੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿੱਚ ਅਕਸ਼ਰ, ਨਰੇਸ਼ ਕੁਮਾਰ ਅਤੇ ਸੁਨੀਲ ਕੁਮਾਰ ਸ਼ਾਮਲ ਹਨ ਜੋ ਹਰਿਆਣਾ ਦੇ ਰਹਿਣ ਵਾਲੇ ਹਨ। ਪੁਲੀਸ ਅਨੁਸਾਰ ਇਹ ਸਾਰੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੋਹਾਲੀ 'ਚ ਘਰ ਦੇ ਬਾਹਰ ਬੈਠੀ ਇਕ ਔਰਤ 'ਤੇ ਤੇਜ਼ ਫਾਇਰਿੰਗ ਹੋਈ ਸੀ। ਪੁਲਿਸ ਵੱਲੋਂ ਮਾਮਲੇ 'ਚ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਪੁਲਿਸ ਨੂੰ ਉਨ੍ਹਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਵਿੱਚ 3 ਮੁਲਜ਼ਮਾਂ ਨੂੰ ਗੋਲੀਆਂ ਲੱਗ ਗਈਆਂ। ਪੁਲੀਸ ਅਨੁਸਾਰ ਤਿੰਨਾਂ ਨੇ ਪਰਿਵਾਰਕ ਝਗੜੇ ਕਾਰਨ ਔਰਤ ਦਾ ਕਤਲ ਕਰਨ ਲਈ ਲੱਖਾਂ ਰੁਪਏ ਲਏ ਸਨ।

ਦੱਸ ਦਈਏ ਕਿ ਡੇਰਾਬੱਸੀ ਦੇ ਰਾਮਗੜ੍ਹ 'ਚ ਆਪਣੇ ਘਰ ਦੇ ਬਾਹਰ ਬੈਠੀ 60 ਸਾਲਾ ਔਰਤ ਸਰੋਜ ਦੇਵੀ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਅਤੇ ਪੀਜੀਆਈ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦਿਨ ਦਿਹਾੜੇ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਔਰਤ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਲੰਬੇ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ ਅਤੇ ਉਹ ਹਰਿਆਣਾ ਵਿੱਚ ਵੀ ਲੋੜੀਂਦੇ ਸਨ।ਪਿਛਲੇ 4 ਮਹੀਨਿਆਂ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਐਨਕਾਊਂਟਰ ਕੀਤੇ ਹਨ।