ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਨੇ ਇੱਕ ਵਾਰ ਫਿਰ ਕਾਇਰਾਨਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਕਸਲੀਆਂ ਨੇ ਇੱਥੇ ਇੱਕ ਭਾਜਪਾ ਆਗੂ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕੈਲਾਸ਼ ਨਾਗ ਜੋ ਕਿ ਭਾਜਪਾ ਵਪਾਰ ਸੈੱਲ ਦੇ ਮੰਡਲ ਮੀਤ ਪ੍ਰਧਾਨ ਸੀ, ਨੂੰ ਨਕਸਲੀਆਂ ਨੇ ਪਹਿਲਾਂ ਅਗਵਾ ਕੀਤਾ ਅਤੇ ਫਿਰ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੂਰੀ ਘਟਨਾ ਜੰਗਲਾ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਘਟਨਾ ਥਾਣੇ ਤੋਂ ਕਰੀਬ 12 ਕਿਲੋਮੀਟਰ ਦੂਰ ਜੰਗਲਾ ਥਾਣਾ ਖੇਤਰ ਦੇ ਕੋਟਾਮੇਟਾ ਵਿੱਚ ਵਾਪਰੀ ਹੈ। ਇੱਥੇ ਭੂਰੀਪਾਣੀ ਵਿੱਚ ਜੰਗਲਾਤ ਵਿਭਾਗ ਵੱਲੋਂ ਛੱਪੜ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਬੁੱਧਵਾਰ ਸ਼ਾਮ ਕਰੀਬ 5 ਵਜੇ ਕੁਝ ਨਕਸਲੀ ਉਥੇ ਪਹੁੰਚ ਗਏ। ਪਹਿਲਾਂ ਇਨ੍ਹਾਂ ਲੋਕਾਂ ਨੇ ਉੱਥੇ ਕੰਮ ਕਰ ਰਹੀ ਜੇਸੀਬੀ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਜੇਸੀਬੀ ਮਾਲਕ ਕੈਲਾਸ਼ ਨਾਗ ਨੂੰ ਅਗਵਾ ਕਰ ਲਿਆ ਗਿਆ।
ਭਾਜਪਾ ਆਗੂ ਕੈਲਾਸ਼ ਨਾਗ ਨੂੰ ਅਗਵਾ ਕਰਨ ਤੋਂ ਬਾਅਦ ਨਕਸਲੀਆਂ ਨੇ ਉਸ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਨਕਸਲੀ ਲਾਸ਼ ਨੂੰ ਭੂਰੀਪਾਣੀ-ਕੋਕਮੇਂਟਾ ਵਿਚਕਾਰ ਸੁੱਟ ਕੇ ਉਥੋਂ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਕੈਲਾਸ਼ ਨਾਗ ਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਠੇਕੇਦਾਰ ਦਾ ਕੰਮ ਕਰਦਾ ਸੀ। ਭਾਜਪਾ ਆਗੂ ਦੇ ਕਤਲ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਲਾਕੇ 'ਚ ਗਸ਼ਤ ਵੀ ਜਾਰੀ ਹੈ।