ਪੱਤਰ ਪ੍ਰੇਰਕ : ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦੀ ਅੰਤਿਮ ਅਰਦਾਸ ਉਸ ਦੇ ਜੱਦੀ ਪਿੰਡ ਧਨੌਲਾ 'ਚ ਹੋਈ। ਧਨੌਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਕਾਲਾ ਧਨੌਲਾ ਨਮਿੱਤ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਉਥੇ ਅੰਤਿਮ ਅਰਦਾਸ ਵਿੱਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਨੇ ਵੀ ਸ਼ਮੂਲੀਅਤ ਕੀਤੀ। ਜਿਹਨਾਂ ਨੇ ਕਾਲਾ ਧਨੌਲਾ ਪੁਲੀਸ ਮੁਕਾਬਲੇ ਨੂੰ ਝੂਠਾ ਮੁਕਾਬਲਾ ਕਰਾਰ ਦਿੰਦਿਆਂ ਇਸ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਝੂਠੇ ਐਨਕਾਉਂਟਰਾਂ ਵਿੱਚ ਮਾਰਨਾ ਬੇਹੱਦ ਨਿੰਦਣਯੋਗ ਹੈ। ਸਿਰਫ਼ ਪੰਜਾਬ ਵਿੱਚ ਹੀ ਨਹੀਂ, ਭਾਰਤੀ ਹਕੂਮਤ ਵੱਲੋਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਨੂੰ ਕਤਲ ਕਰਵਾਇਆ ਜਾ ਰਿਹਾ ਹੈ। ਆਏ ਦਿਨ ਹੋਣ ਵਾਲੇ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਹੁਣ ਲੋਕ ਡੱਟ ਗਏ ਹਨ।
ਇਸ ਮੌਕੇ ਐਮਪੀ ਸਿਮਰਨਜੀਤ ਮਾਨ ਨੇ ਕਿਹਾ ਕਿ ਹੁਣ ਇੰਡੀਆ ਦੀ ਸਰਕਾਰ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸਿੱਖ ਸਾਨੂੰ ਕੈਨੇਡਾ, ਅਮਰੀਕਾ, ਆਸਟਰੇਲੀਆਂ ਸਮੇਤ ਹੋਰ ਵਿਦੇਸ਼ਾਂ ਵਿੱਚ ਧਮਕੀਆਂ ਦੇ ਰਹੇ ਹਨ। ਸਰਕਾਰ ਨੂੰ ਇਸ ਨੂੰ ਤੁਸੀਂ ਧਮਕੀ ਨਹੀਂ, ਸੁਨੇਹਾ ਸਮਝਣਾ ਚਾਹੀਦਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਡੇ ਬੱਚਿਆਂ ਨੂੰ ਫੜ੍ਹ ਕੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰੇ।
ਉਨ੍ਹਾਂ ਕਾਲਾ ਧਨੌਲਾ ਦੇ ਪੁਲਿਸ ਐਨਕਾਉਂਟਰ ਨੂੰ ਵੀ ਸ਼ੱਕੀ ਕਰਾਰ ਦਿੰਦਿਆਂ ਗਵਰਨਰ ਪੰਜਾਬ ਨੂੰ ਵੀ ਬੇਨਤੀ ਕੀਤੀ ਕਿ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਦੇ ਪੁਲਿਸ ਐਨਕਾਉਂਟਰ ਦੀ ਜਾਂਚ ਹਾਈਕੋਰਟ ਦੇ ਜੱਜਾਂ ਦੀ ਅਗਵਾਈ ਹੇਠ ਕਰਵਾਈ ਜਾਵੇ, ਤਾਂ ਜੋ ਕਾਲਾ ਧਨੌਲਾ ਦੀ ਹੱਤਿਆ ਦੀ ਗੁੱਥੀ ਸੁਲਝ ਸਕੇ ਅਤੇ ਪਤਾ ਚੱਲ ਸਕੇ ਕਿ ਇਹ ਪੁਲਿਸ ਐਨਕਾਉਂਟਰ ਝੂਠਾ ਸੀ ਜਾਂ ਸੱਚਾ ਸੀ। ਮਾਨ ਨੇ ਕਿਹਾ ਕਿ ਪਰਿਵਾਰ ਵੱਲੋਂ ਕਾਨੂੰਨੀ ਲੜਾਈ ਹੁਣ ਅਸੀਂ ਲੜਾਂਗੇ।