ਪੱਤਰ ਪ੍ਰੇਰਕ : ਅੰਮ੍ਰਿਤ ਕਲਰ ਲੈਬ ਦੇ ਮਾਲਿਕ ਵੱਲੋਂ ਰਾਜੇਵਾਲ ਪਿੰਡ ਦੀ ਇੱਕ ਸੁੰਨਸਾਨ ਥਾਂ ਉੱਤੇ ਖੁੱਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਪੁਲਿਸ ਨੇ ਮੁੱਢਲੀ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਤਿੰਨ ਲੋਕਾਂ ਤੋ ਪ੍ਰੇਸ਼ਾਨ ਹੋਣ ਕਾਰਣ ਇਸ ਸ਼ਖ਼ਸ ਨੇ ਖੁਦਕੁਸ਼ੀ ਕੀਤੀ ਹੈ ਅਤੇ ਮੁਲਜ਼ਮਾਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ।
ਇਸ ਸੰਬਧੀ ਹੋਰ ਜਾਣਕਾਰੀ ਦਿੰਦਿਆਂ ਡੀਐਸੱਪੀ ਅੰਮ੍ਰਿਤਸਰ ਦਿਹਾਤੀ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਅਮ੍ਰਿਤ ਕਲਰ ਲੈਬ ਦੇ ਮਾਲਿਕ ਵੱਲੋਂ ਅੱਜ ਪਿੰਡ ਰਾਜੇਵਾਲ ਵਿੱਚ ਖਾਲੀ ਥਾਂ ਉੱਤੇ ਆਪਣੇ-ਆਪ ਨੂੰ ਪਿਸਟਲ ਦੇ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਜਿਸ ਉਪਰੰਤ ਮੁੱਢਲੀ ਜਾਂਚ ਵਿੱਚ ਸੁਸਾਇਡ ਨੋਟ ਸਾਹਮਣੇ ਆਇਆ ਹੈ, ਜਿਸ ਵਿੱਚ ਮ੍ਰਿਤਕ ਨੇ ਲਿਖਿਆ ਹੈ ਕਿ ਉਸਦੀ ਦੁਕਾਨ ਸਾਹਮਣੇ ਭਾਜਪਾ ਦੇ ਵਿੰਗ ਅਟਲ ਸੈਨਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਪ੍ਰਦੀਪ ਗਬਰ ਅਤੇ ਉਸਦੇ ਦੋ ਮੁੰਡੇ ਗੱਡੀਆਂ ਖੜ੍ਹੀਆਂ ਕਰਕੇ ਪਿਛਲੇ ਪੰਜ ਸਾਲ ਤੋ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਹੁਣ ਇਸ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਸੰਬਧੀ ਪੁਲਿਸ ਨੇ ਮੁੱਢਲੀ ਜਾਂਚ ਦੇ ਅਧਾਰ ਉੱਤੇ ਤਿੰਨ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਥੇ ਦੱਸਣ ਯੋਗ ਹੈ ਕਿ ਅੰਮ੍ਰਿਤ ਕਲਰ ਲੈਬ ਦੇ ਮਾਲਕ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਕੀਤਾ ਗਿਆ ਹੈ ਇਸ ਉੱਤੇ ਫਿਲਹਾਲ ਸਸਪੈਂਸ ਹੈ। ਪੁਲਿਸ ਵੱਲੋਂ ਵੀ ਇਸ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਛੋਟੇ ਤੋਂ ਛੋਟੇ ਪਹਿਲੂ ਵੀ ਇਸ ਵਿੱਚ ਦੇਖ ਰਹੇ ਹਨ ਤਾਂ ਜੋ ਇਹ ਸਾਰੀ ਘਟਨਾ ਨੂੰ ਪੂਰੀ ਤਰ੍ਹਾਂ ਨਾਲ ਵਾਚਿਆ ਜਾ ਸਕੇ। ਹੁਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮ੍ਰਿਤਕ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਉਸ ਦਾ ਮਰਡਰ ਹੋਇਆ ਹੈ।