ਪੱਤਰ ਪ੍ਰੇਰਕ : ਮੋਹਾਲੀ ਵਿੱਚ ਲਗਾਤਾਰ ਦੋ ਦਿਨਾਂ ਤੋਂ ਗੋਲੀਆਂ ਚੱਲ ਰਹੀਆਂ ਹਨ। ਬੀਤੇ ਦਿਨ ਜਿੱਥੇ ਇੱਕ ਨਾਮੀ ਗੀਤਕਾਰ ਬੰਟੀ ਬੈਂਸ ਦੀ ਰੇਕੀ ਕਰਨ ਮਗਰੋਂ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ ਉੱਥੇ ਹੀ ਅੱਜ ਫਿਰ ਤੋਂ ਮੋਹਾਲੀ ਵਿੱਚ ਹੀ ਪੁਲਿਸ ਅਤੇ ਮੋਟਰਸਾਈਕਲ ਉੱਤੇ ਸਵਾਰ ਦੋ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਕਿਸੇ ਨਾਮੀ ਗਾਇਕ ਦੀ ਰੇਕੀ ਕਰ ਰਹੇ ਸਨ।
ਦੱਸ ਦਈਏ ਮੋਹਾਲੀ ਪੁਲਿਸ ਦੀ ਟੀਮ ਨੇ ਚੱਪੜਚਿੜੀ ਵਿੱਚ ਇਹ ਐਨਕਾਊਂਟਰ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦੋ ਵਿਅਕਤੀਆਂ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਬਨਵਾਰੀ ਨੂੰ ਗੋਲੀ ਮਾਰ ਦਿੱਤੀ ਗਈ। ਜਦਕਿ ਦੂਜਾ ਮੁਲਜ਼ਮ ਹਨੇਰੇ ਦਾ ਫਾਇਦਾ ਚੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਆਈ ਦੀ ਟੀਮ ਨੇ ਪਹਿਲਾਂ ਗੈਂਗਸਟਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ ਤੇ ਮੋਟਰਸਾਈਕਲ ਉੱਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਗੈਂਗਸਟਰਾਂ ਦੀ ਫਾਇਰਿੰਗ ਮਗਰੋਂ ਜਦੋਂ ਪੁਲਿਸ ਨੇ ਜਵਾਬੀ ਫਾਇਰ ਕੀਤੇ ਤਾਂ ਇੱਕ ਗੋਲੀ ਗੈਂਗਸਟਰ ਦੀ ਲੱਤ ਵਿੱਚ ਵੱਜ ਗਈ ਅਤੇ ਉਹ ਜ਼ਖ਼ਮੀ ਹੋ ਕੇ ਮੋਟਰਸਾਈਕਲ ਸਮੇਤ ਡਿੱਗ ਗਏ। ਇਸ ਤੋਂ ਬਾਅਦ ਜ਼ਖ਼ਮੀ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਪਰ ਦੂਜਾ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮੁਤਾਬਿਕ ਕਾਬੂ ਵਿੱਚ ਆਏ ਗੈਂਗਸਟਰ ਨੇ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਨਾਮੀ ਗਾਇਕ ਦੀ ਰੇਕੀ ਕਰ ਰਹੇ ਸਨ ਅਤੇ ਇਹ ਗਾਇਕ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਪੁਲਿਸ ਦਾ ਕਹਿਣਾ ਹੈ ਕਿ ਫੜ੍ਹੇ ਗਏ ਗੈਂਗਸਟਰ ਦਾ ਨਾਮ ਬਨਵਾਰੀ ਪਾਲ ਹੈ ਅਤੇ ਉਹ ਯੂਪੀ ਦੇ ਆਗਰਾ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬੀ ਗੀਤਕਾਰ ਬੰਟੀ ਬੈਂਸ ਦੇ ਮਾਮਲੇ ਨਾਲ ਇਨ੍ਹਾਂ ਗੈਂਗਸਟਰਾਂ ਦਾ ਕੋਈ ਵੀ ਸਬੰਧ ਨਹੀਂ ਸੀ।