ਪੱਤਰ ਪ੍ਰੇਰਕ : ਕੌਮਾਂਤਰੀ ਪੱਧਰ ਉੱਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਨਿੱਤ ਦਿਨ ਦਿਖਾਏ ਜਾ ਰਹੇ ਬਿਹਤਰ ਪ੍ਰਦਰਸ਼ਨ ਦੇ ਚੱਲਦਿਆਂ ਤੀਰਅੰਦਾਜ਼ੀ, ਹਾਕੀ ਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ।
ਇਰਾਕ ਦੇ ਬਗਦਾਦ ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪੰਜਾਬ ਦੀਆਂ ਦੋ ਤੀਰਅੰਦਾਜ਼ ਖਿਡਾਰਨਾਂ ਸਿਮਰਨਜੀਤ ਕੌਰ ਤੇ ਪ੍ਰਨੀਤ ਕੌਰ ਨੇ ਤਿੰਨ ਸੋਨੇ ਤੇ ਦੋ ਚਾਂਦੀ ਦੇ ਮੈਡਲ ਜਿੱਤੇ। ਅਬੋਹਰ ਦੀ ਸਿਮਰਨਜੀਤ ਕੌਰ ਨੇ ਰਿਕਰਵ ਦੇ ਮਿਕਸ ਟੀਮ ਅਤੇ ਮਹਿਲਾ ਟੀਮ ਵਿੱਚ ਦੋ ਸੋਨ ਮੈਡਲ ਅਤੇ ਵਿਅਕਤੀਗਤ ਵਰਗ ਵਿੱਚ ਇਕ ਚਾਂਦੀ ਦਾ ਮੈਡਲ ਜਿੱਤਿਆ। ਇਸੇ ਤਰ੍ਹਾਂ ਮਾਨਸਾ ਦੀ ਪ੍ਰਨੀਤ ਕੌਰ ਨੇ ਕੰਪਾਊਂਡ ਦੇ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਹਾਕੀ ਖੇਡ ਵਿੱਚ ਚੱਲ ਰਹੀ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਵਿੱਚ ਭਾਰਤੀ ਲੈਗ ਦੇ ਆਖਰੀ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ। ਇਸ ਲੀਗ ਵਿੱਚ ਭਾਰਤੀ ਟੀਮ ਨੇ ਹੁਣ ਤੱਕ 8 ਮੈਚ ਖੇਡ ਕੇ 15 ਅੰਕਾਂ ਨਾਲ ਤੀਜਾ ਸਥਾਨ ਮੱਲ ਲਿਆ ਹੈ। ਹੁਣ ਭਾਰਤੀ ਟੀਮ ਮਈ-ਜੂਨ ਵਿੱਚ ਯੂਰੋਪੀਅਨ ਲੈਗ ਦੇ ਬਾਕੀ ਅੱਠ ਮੈਚ ਖੇਡੇਗੀ। ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਦੇ ਹਨ। ਬੈਡਮਿੰਟਨ ਖੇਡ ਵਿੱਚ ਲੁਧਿਆਣਾ ਦੇ ਧਰੁਵ ਕਪਿਲਾ ਨੇ ਆਪਣੀ ਜੋੜੀਦਾਰ ਅਰਜੁਨ ਨਾਲ ਮਿਲ ਕੇ ਯੁਗਾਂਡਾ ਇੰਟਰਨੈਸ਼ਨਲ ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖਿਡਾਰੀਆਂ ਦੀਆਂ ਜਿੱਤਾਂ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਅਤੇ ਕੋਚਾਂ ਦੇ ਮਾਰਗ ਦਰਸ਼ਨ ਦਾ ਸਿੱਟਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਇਸ ਸਾਲ ਜ਼ੋਰਾਂ ਸ਼ੋਰਾਂ ਨਾਲ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਓਲੰਪਿਕਸ ਵਿੱਚ ਵੀ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।