ਪੱਤਰ ਪ੍ਰੇਰਕ : ਕਿਸਾਨਾਂ ਦਾ ਦਿੱਲੀ ਵੱਲ ਮਾਰਚ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਲਈ ਚੰਗੀ ਖ਼ਬਰ ਵੀ ਆ ਰਹੀ ਹੈ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਕੁੰਡਲੀ ਸਿੰਘੂ ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਸੀਮਿੰਟ ਦੀ ਬੈਰੀਕੇਡਿੰਗ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਨਿਸ਼ਚਿਤ ਤੌਰ 'ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਘਟਣਗੀਆਂ। ਬੈਰੀਕੇਡਿੰਗ ਕਾਰਨ ਹਰ ਰੋਜ਼ ਲੱਖਾਂ ਲੋਕਾਂ ਨੂੰ ਦਿੱਲੀ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਤੁਹਾਨੂੰ ਦੱਸ ਦੇਈਏ ਕਿ ਕੁੰਡਲੀ ਸਿੰਘੂ ਸਰਹੱਦ 'ਤੇ ਸਰਵਿਸ ਲੇਨ 'ਤੇ ਸੀਮਿੰਟ ਬੈਰੀਕੇਡਿੰਗ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਇੱਕ JCB ਮਸ਼ੀਨ ਨਾਲ ਰਾਸ਼ਟਰੀ ਰਾਜਮਾਰਗ 44 'ਤੇ ਸੀਮਿੰਟ ਦੇ ਬੈਰੀਕੇਡਿੰਗ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਇੱਥੇ ਲੇਨ ਖੁੱਲ੍ਹਣ ਨਾਲ ਲੋਕਾਂ ਨੂੰ ਦਿੱਲੀ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ। 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਸੀ।
ਦਿੱਲੀ ਦਾ ਟਿੱਕਰੀ ਬਾਰਡਰ ਵੀ ਖੋਲ੍ਹਿਆ ਜਾ ਰਿਹਾ ਹੈ। ਦਿੱਲੀ ਪੁਲਿਸ ਇੱਥੇ ਰੱਖੇ ਕੰਟੇਨਰਾਂ ਅਤੇ ਬੈਰੀਕੇਡਾਂ ਨੂੰ ਹਟਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਇੱਕ ਪਾਸੇ ਵਾਲੀ ਸੜਕ ਨੂੰ ਖੋਲ੍ਹਿਆ ਜਾਵੇਗਾ। ਸਰਹੱਦ ਖੁੱਲ੍ਹਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਅਤੇ ਵਪਾਰੀ ਵਰਗ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਕਾਬਲੇਜ਼ਿਕਰ ਹੈ ਕਿ ਕਿਸਾਨ ਅੰਦੋਲਨ 2.0 ਦੇ ਚੱਲਦੇ ਸਰਕਾਰ ਵੱਲੋਂ ਇਹ ਬਾਰਡਰ ਬੰਦ ਕੀਤੇ ਗਏ ਸਨ।ਕਿਸਾਨਾਂ ਵੱਲੋਂ 22 ਫਰਵਰੀ ਨੂੰ 'ਦਿੱਲੀ ਚੱਲੋ' ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਹਰਿਆਣਾ ਸਰਹੱਦ ਅਤੇ ਦਿੱਲੀ ਦੇ ਬਾਰਡਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।